ਜਗਤਪੁਰ ਵਿਖੇ ਪਰਵਿੰਦਰ ਕੁਮਾਰ ਦੇ ਅੰਤਮ ਸਸਕਾਰ ਮੌਕੇ ਐਸ.ਐਸ.ਪੀ. ਸਤਿੰਦਰ ਸਿੰਘ ਤੇ ਐਸ.ਡੀ.ਐਮ. ਜਗਜੀਤ ਸਿੰਘ ਵੀ ਰਹੇ ਮੌਜੂਦ
ਨਵਾਂਸ਼ਹਿਰ, 3 ਅਪ੍ਰੈਲ (ਦੀਦਾਰ ਸਿੰਘ) – ਇਰਾਕ ਵਿੱਚ ਆਈ.ਐਸ.ਆਈ.ਐਸ. ਅਤਿਵਾਦੀਆਂ ਵੱਲੋਂ ਅਗਵਾ ਕਰਕੇ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਦਾ ਪੰਜਾਬ ਸਰਕਾਰ ਪੂਰਾ ਸਾਥ ਦੇਵੇਗੀ ਅਤੇ ਕਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਐਲਾਨੀ ਗਈ ਹਰੇਕ ਪਰਿਵਾਰ ਦੀ ਇੱਕ-ਇੱਕ ਨੌਕਰੀ ਅਤੇ ਪੰਜ ਲੱਖ ਰੁਪਏ ਦੀ ਮਾਲੀ ਮੱਦਦ ਨੂੰ ਇਨਾਂ ਪਰਿਵਾਰਾਂ ਤੱਕ ਜਲਦ ਪੁੱਜਦਾ ਕੀਤਾ ਜਾਵੇਗਾ।
ਇਹ ਭਰੋਸਾ ਅੱਜ ਪਿੰਡ ਜਗਤਪੁਰ ਵਿਖੇ ਪਰਵਿੰਦਰ ਕੁਮਾਰ (26) ਦੇ ਅੰਤਮ ਸਸਕਾਰ ਮੌਕੇ ਗ਼ਮਗੀਨ ਪਰਿਵਾਰ ਅਤੇ ਪਿੰਡ ਵਾਸੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਐਮ.ਐਲ.ਏ. ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਨੇ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ ਮੱਦਦ ਤੋਂ ਇਲਾਵਾ ਉਹ ਕੇਂਦਰ ਪਾਸੋਂ ਵੀ ਇਨਾਂ ਪਰਿਵਾਰਾਂ ਨੂੰ ਮੱਦਦ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਪੰਜਾਬ ਦੇ ਸੰਸਦ ਮੈਂਬਰਾਂ ਅਤੇ ਅਜਿਹੇ ਪਰਿਵਾਰਾਂ ਦੇ ਇਲਾਕਿਆਂ ਨਾਲ ਸਬੰਧਤ ਵਿਧਾਇਕਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿਦੇਸ਼ ਮੰਤਰੀ ਨੂੰ ਮਿਲਣ ਜਾਣਗੇ ਅਤੇ ਇਨਾਂ ਪਰਿਵਾਰਾਂ ਦੀ ਇਸ ਦੁੱਖ ਦੀ ਘੜੀ ਵਿੱਚ ਬਾਂਹ ਫੜਨ ਲਈ ਕਹਿਣਗੇ।
ਉਨਾਂ ਆਖਿਆ ਕਿ ਅੱਜ ਸੇਵਾਮੁਕਤ ਸੂਬੇਦਾਰ ਜੀਤ ਰਾਮ ਅਤੇ ਉਨਾਂ ਦੀ ਪਤਨੀ ਕ੍ਰਿਸ਼ਨਾ ਦੇਵੀ ਲਈ ਆਪਣੇ ਨੌਜੁਆਨ ਪੁੱਤ ਦੀ ਲਾਸ਼ ਨੂੰ ਆਪਣੀਆਂ ਅੱਖਾਂ ਸਾਹਮਣੇ ਆਖਰੀ ਸਫ਼ਰ ਲਈ ਤੋਰਨਾ ਬਹੁਤ ਹੀ ਵੱਡਾ ਦੁੱਖ ਹੈ। ਉਨਾਂ ਕਿਹਾ ਕਿ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ, ਪਤਨੀ ਅੰਜੂ ਅਤੇ ਮਹਿਜ਼ 6 ਸਾਲ ਦੇ ਪੁੱਤਰ ਜਸਕਰਨ ‘ਤੇ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਹੈ। ਉਨਾਂ ਕਿਹਾ ਕਿ ਅੱਜ ਜਦੋਂ 6 ਸਾਲ ਦਾ ਜਸਕਰਨ ਆਪਣੇ ਪਿਤਾ ਦੀ ਲੋਥ ਨੂੰ ਅਗਨੀ ਦੇ ਰਿਹਾ ਸੀ ਤਾਂ ਉਹ ਉਸ ਦੇ ਭਵਿੱਖ ਬਾਰੇ ਸੋਚ ਕੇ ਖੁਦ ਜ਼ਜ਼ਬਾਤੀ ਹੋ ਰਹੇ ਸਨ।
ਇਸ ਮੌਕੇ ਮੌਜੂਦ ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ ਸਤਿੰਦਰ ਸਿੰਘ ਅਤੇ ਐਸ.ਡੀ.ਐਮ. ਬਲਾਚੌਰ ਜਗਜੀਤ ਸਿੰਘ ਨੇ ਆਖਿਆ ਕਿ ਪ੍ਰਸ਼ਾਸ਼ਨ ਪਰਿਵਾਰ ਦੇ ਇਸ ਦੁੱਖ ਵਿੱਚ ਬਰਾਬਰ ਦਾ ਸ਼ਰੀਕ ਹੈ ਅਤੇ ਪਰਿਵਾਰ ਨੂੰ ਭਵਿੱਖ ਵਿੱਚ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਾ ਆਵੇ, ਇਸ ਲਈ ਪ੍ਰਸ਼ਾਸ਼ਨ ਉਨਾਂ ਦੀ ਮੱਦਦ ਲਈ ਹਰ ਸਮੇਂ ਤਿਆਰ ਬਰ ਤਿਆਰ ਹੈ। ਉਨਾਂ ਆਖਿਆ ਕਿ ਇੱਕ ਗਰੀਬ ਪਰਿਵਾਰ ਦੇ ਕਮਾਊ ਜੀਅ ਦਾ ਇੰਝ ਅਣਆਈ ਮੌਤ ਮਰਨਾ ਬਹੁਤ ਹੀ ਦੁਖਦਾਈ ਹੈ। ਉਨਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਤਰਾਂ ਦੀ ਮੁਸ਼ਕਿਲ ਦੀ ਘੜੀ ਵਿੱਚ ਉਹ ਪ੍ਰਸ਼ਾਸ਼ਨ ਨੂੰ ਸੰਪਰਕ ਕਰ ਸਕਦੇ ਹਨ ਅਤੇ ਉਨਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਪਰਵਿੰਦਰ ਕੁਮਾਰ ਦੇ ਅੰਤਮ ਸਸਕਾਰ ਮੌਕੇ ਸਮੁੱਚਾ ਪਿੰਡ ਅਤੇ ਇਲਾਕਾ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨਾਲ ਇੱਕਜੁਟਤਾ ਦਿਖਾਉਣ ਲਈ ਪੁੱਜਾ ਹੋਇਆ ਸੀ। ਅਧਿਕਾਰੀਆਂ ਵਿੱਚ ਡੀ.ਐਸ.ਪੀ. ਬਲਾਚੌਰ ਅਨਿਲ ਕੁਮਾਰ ਕੋਹਲੀ ਤੇ ਤਹਿਸੀਲਦਾਰ ਬਲਾਚੌਰ ਚੇਤਨ ਬੰਗੜ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਪਿੰਡ ਜਗਤਪੁਰ ਵਿਖੇ ਇਰਾਕ ਵਿੱਚ ਮਾਰੇ ਗਏ ਪਰਵਿੰਦਰ ਕੁਮਾਰ ਦੇ ਅੰਤਮ ਸਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਐਮ.ਐਲ.ਏ. ਚੌ. ਦਰਸ਼ਨ ਲਾਲ ਮੰਗੂਪੁਰ, ਐਸ.ਐਸ.ਪੀ. ਸਤਿੰਦਰ ਸਿੰਘ, ਐਸ.ਡੀ.ਐਮ. ਜਗਜੀਤ ਸਿੰਘ ਤੇ ਹੋਰ ਅਧਿਕਾਰੀ।