ਐਮ.ਐਲ.ਏ. ਚੌ. ਦਰਸ਼ਨ ਲਾਲ ਮੰਗੂਪੁਰ, ਡੀ.ਸੀ. ਅਮਿਤ ਕੁਮਾਰ ਤੇ ਐਸ.ਪੀ. ਹਰੀਸ਼ ਦਿਆਮਾ ਨੇ ਪਰਿਵਾਰ ਨੂੰ ਦਿੱਤਾ ਹੌਂਸਲਾ
ਪੋਜੇਵਾਲ/ਸੜੋਆ/ਮਜਾਰੀ, 3 ਅਪਰੈਲ (ਦੀਦਾਰ ਸਿੰਘ) – ਇਰਾਕ ਵਿੱਚ ਆਈ.ਐਸ.ਆਈ.ਐਸ. ਅਤਿਵਾਦੀਆਂ ਵੱਲੋਂ ਅਗਵਾ ਕਰਕੇ ਮਾਰੇ ਬਲਾਚੌਰ ਸਬ ਡਵੀਜ਼ਨ ਦੇ ਪਿੰਡ ਮਹਿੰਦਪੁਰ ਦੇ 24 ਸਾਲਾ ਨੌਜੁਆਨ ਜਸਵੀਰ ਸਿੰਘ ਦਾ ਅੱਜ ਸੈਂਕੜੇ ਗ਼ਮਗੀਨ ਅੱਖਾਂ ਦੀ ਮੌਜੂਦਗੀ ਵਿੱਚ ਅੰਤਮ ਸਸਕਾਰ ਕੀਤਾ ਗਿਆ। ਅੰਤਮ ਸਸਕਾਰ ਮੌਕੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹੋਣ ਆਏ ਐਮ.ਐਲ.ਏ. ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਡਿਪਟੀ ਕਮਿਸ਼ਨਰ ਅਮਿਤ ਕੁਮਾਰ, ਐਸ.ਪੀ. (ਐਚ) ਹਰੀਸ਼ ਦਯਾਮਾ ਅਤੇ ਐਸ.ਡੀ.ਐਮ. ਬਲਾਚੌਰ ਜਗਜੀਤ ਸਿੰਘ ਤੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਅਰਸ਼ਦੀਪ ਸਿੰਘ ਲੁਬਾਣਾ ਨੇ ਪਰਿਵਾਰ ਨੂੰ ਹੌਂਸਲਾ ਦਿੱਤਾ ਅਤੇ ਦੁੱਖ ਵੰਡਾਇਆ।
ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਇਨਾਂ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਇਸ ਮੁਸ਼ਕਿਲ ਦੀ ਘੜੀ ਵਿੱਚ ਬਾਂਹ ਨਹੀਂ ਛੱਡੇਗੀ ਅਤੇ ਕਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਇਨਾਂ ਪਰਿਵਾਰਾਂ ਦੇ ਇੱਕ-ਇੱਕ ਜੀਅ ਨੂੰ ਨੌਕਰੀ ਅਤੇ ਪੰਜ-ਪੰਜ ਲੱਖ ਰੁਪਏ ਦੀ ਮਾਲੀ ਮੱਦਦ ਦੇਣ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਐਲਾਨ ਨੂੰ ਜਲਦ ਅਮਲੀ ਰੂਪ ਵਿੱਚ ਲਾਗੂ ਕਰੇਗੀ।
ਉਨਾਂ ਨੇ ਨਾਲ ਹੀ ਪਰਿਵਾਰ ਨੂੰ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ, ਇਨਾਂ ਪਰਿਵਾਰਾਂ ਨਾਲ ਵਾਪਰੀ ਤ੍ਰਾਸਦੀ ਦੀ ਘੜੀ ਵਿੱਚ, ਪਰਿਵਾਰਾਂ ਦੀ ਮੱਦਦ ਲਈ ਵੀ ਯਤਨ ਕਰਨਗੇ। ਉਨਾਂ ਆਖਿਆ ਕਿ ਬਤੌਰ ਹਲਕਾ ਵਿਧਾਇਕ ਉਹ ਇਨਾਂ ਪਰਿਵਾਰਾਂ ਨਾਲ ਹਮੇਸ਼ਾਂ ਖੜੇ ਹਨ ਅਤੇ ਉਨਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਨਹੀਂ ਆਉਣ ਦੇਣਗੇ।
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਇਸ ਮੌਕੇ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਆਖਿਆ ਕਿ ਅਜਿਹੇ ਪੁੱਤ ਜਿਸ ਦੇ ਵਿਆਹ ਦੀਆਂ ਖੁਸ਼ੀਆਂ ਅਤੇ ਚਾਵਾਂ ਦੀ ਪਰਿਵਾਰ ਨੂੰ ਉਡੀਕ ਹੋਵੇ, ਦੀ ਇਸ ਤਰਾਂ ਦੇ ਹਾਲਾਤਾਂ ਵਿੱਚ ਮੌਤ ਹੋਣਾ ਤੇ ਲਾਸ਼ ਨੂੰ ਹੱਥੀਂ ਅਗਨੀ ਦੇਣਾ, ਬਹੁਤ ਹੀ ਸੰਵੇਦਨਾ ਭਰਿਆ ਮਾਹੌਲ ਬਣ ਜਾਂਦਾ ਹੈ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਕਲ ਆਪਣਾ ਫ਼ਰਜ਼ ਨਿਭਾਉਂਦਿਆਂ ਜਿੱਥੇ ਸਹਾਇਕ ਕਮਿਸ਼ਨਰ (ਯੂ.ਟੀ.) ਅਰਸ਼ਦੀਪ ਸਿੰਘ ਦੀ ਅਗਵਾਈ ਵਿੱਚ ਦੋ ਟੀਮਾਂ ਮ੍ਰਿਤਕ ਸਰੀਰ ਲੈਣ ਲਈ ਭੇਜੀਆਂ ਗਈਆਂ ਸਨ, ਉਸੇ ਤਰਾਂ ਬਾਅਦ ਵਿੱਚ ਵੀ ਪਰਿਵਾਰਾਂ ਨਾਲ ਹਰ ਸਮੇਂ ਇੱਕਜੁਟਤਾ ਦਿਖਾਈ ਜਾਵੇਗੀ। ਉਨਾਂ ਕਿਹਾ ਕਿ ਇਹ ਪਰਿਵਾਰ ਕਿਸੇ ਵੀ ਲੋੜ ਲਈ ਪ੍ਰਸ਼ਾਸ਼ਨ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਜਸਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਅਗਨੀ ਉਸ ਦੇ ਭਰਾ ਭੁਪਿੰਦਰ ਸਿੰਘ ਨੇ ਦਿਖਾਈ। ਪਿੱਛੇ ਪਰਿਵਾਰ ਵਿੱਚ ਪਿਤਾ ਬਖਸ਼ੀਸ਼ ਸਿੰਘ, ਮਾਤਾ ਸੁਰਜੀਤ ਕੌਰ, ਭੈਣਾਂ ਨਿਰੰਜਣ ਕੌਰ ਤੇ ਬੇਬੀ ਬਹੁਤ ਹੀ ਗ਼ਮਜ਼ਦਾ ਹਾਲਾਤ ਵਿੱਚ ਸਨ। ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਪਿੰਡ ਵਾਸੀ ਅਤੇ ਆਲੇ-ਦੁਆਲੇ ਦੇ ਲੋਕ ਪਰਿਵਾਰ ਨਾਲ ਦੁੱਖ ਵੰਡਾਉਣ ਤੇ ਹੌਂਸਲਾ ਦੇਣ ਪੁੱਜੇ ਹੋਏ ਸਨ।
ਫ਼ੋਟੋ ਕੈਪਸ਼ਨ: ਪਿੰਡ ਮਹਿੰਦਪੁਰ ਵਿਖੇ ਇਰਾਕ ਵਿੱਚ ਅਗਵਾ ਕਰਕੇ ਮਾਰੇ ਗਏ ਜਸਵੀਰ ਸਿੰਘ ਦੇ ਅੰਤਮ ਸਸਕਾਰ ਮੌਕੇ ਐਮ.ਐਲ.ਏ. ਚੌ. ਦਰਸ਼ਨ ਲਾਲ ਮੰਗੂਪੁਰ, ਡੀ.ਸੀ. ਅਮਿਤ ਕੁਮਾਰ, ਐਸ.ਪੀ. (ਐਚ) ਹਰੀਸ਼ ਦਯਾਮਾ ਤੇ ਐਸ.ਡੀ.ਐਮ. ਜਗਜੀਤ ਸਿੰਘ ਪਰਿਵਾਰ ਨੂੰ ਹੌਂਸਲਾ ਦਿੰਦੇ ਹੋਏ।
ਬਠਿੰਡਾ ਹਲਕੇ ਨੂੰ ਸੱਨਅਤੀ ਹੱਬ ਵਜੋਂ ਵਿਕਸਤ ਕਰਾਂਗੇ: ਗੁਰਮੀਤ ਸਿੰਘ ਖੁੱਡੀਆਂ
ਬਠਿੰਡਾ, 19 ਮਈ( ਵਿਸ਼ਵ ਵਾਰਤਾ)-: ਲੋਕ ਸਭਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਹਲਕੇ...