ਚੰਡੀਗੜ੍ਹ 23 ਸਤੰਬਰ ( ਵਿਸ਼ਵ ਵਾਰਤਾ)- ਪੰਜਾਬੀ ਰੰਗਮੰਚ, ਗਾਇਕੀ, ਬਾਂਸੁਰੀ ਵਾਦਨ ਦੇ ਖੇਤਰ ਵਿਚ ਪਿੱਛਲੇ ਛੇ ਦਹਾਕਿਆਂ ਤੋਂ ਨਿੱਗਰ ਅਤੇ ਜ਼ਿਕਰਯੋਗ ਯੋਗਦਾਨ ਪਾਉਂਣ ਵਾਲੇ ਇਪਟਾ, ਪੰਜਾਬ ਦੇ ਮੁੱਢਲੇ ਕਾਰਕੁਨ ਤੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਸਪੁੱਤਰ ਕੰਲਵਜੀਤ ਸਿੰਘ ਸੂਰੀ ਨੇ ਇਪਟਾ ਆਨ ਏਅਰ ਸੀਰੀਜ਼ ‘ਰੂਬਰੂ ਏ ਫ਼ਨਕਾਰ’ ਦੌਰਾਨ ਆਪਣੀ ਇਪਟਾ ਨਾਲ ਜੁੜੀਆਂ ਰੰਗਮੰਚੀ ਤੇ ਸਭਿਆਚਾਰਕ ਯਾਦਾਂ ਬਾਰੇ ਗੱਲ ਕੀਤੀ।ਜਿਸ ਨੂੰ ਹਜ਼ਾਰ ਦੇ ਕਰੀਬ ਦਰਸ਼ਕਾਂ ਨੇ ਆਨ ਲਾਇਨ ਵੇਖਿਆ।
ਸੀਰੀਜ਼ ਰੂਬਰੂ-ਏ-ਫ਼ਨਕਾਰ ਦੇ ਰੂਬਰੂ ਕਰਤਾ-ਨਾਟ ਕਰਮੀ ਤੇ ਇਪਟਾ,ਪੰਜਾਬ ਦੇ ਜਨਰਲ ਸੱਕਤਰ ਨਾਟਕਰਮੀ ਇੰਦਰਜੀਤ ਰੂਪੋਵਾਲੀ ਨੇ ਜਦ ਸੂਰੀ ਹੋਰਾਂ ਨਾਲ ਉਨਾਂ ਉਪਰ ਸਾਹਿਤਕ ਘਰੇਲੂ ਵਾਤਾਵਰਣ ਦੇ ਪਏ ਪ੍ਰਭਾਵ ਬਾਰੇ ਗੱਲ ਛੋਹੀ ਤਾਂ ਉਨਾਂ ਵਿਸਥਾਰ ਨਾਲ ਗੱਲ ਕਰਦੇ ਕਿਹਾ, “ਮੇਰੀ ਮੁੱਢਲੀ ਤਾਲੀਮ ਪ੍ਰੀਤ ਨਗਰ ਵਿਖੇ ਹੋਈ।ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਦੇ ਸੁਪਨਿਆਂ ਦਾ ਪ੍ਰੀਤ ਨਗਰ ਸਾਹਿਤਕ, ਰੰਗਮੰਚੀ ਤੇ ਸਭਿਆਚਾਰਕ ਮਾਹੌਲ ਨਾਲ ਭਰਪੂਰ ਸੀ।ਜਿਸ ਦਾ ਮੇਰੇ ਬਾਲ ਮਨ ਉਪਰ ਗਹਿਰਾ ਪ੍ਰਭਾਵ ਪਿਆ।
ਇਪਟਾ ਨਾਲ ਜੁੜੀਆ ਯਾਦਾਂ ਤਾਜ਼ਾ ਕਰਦੇ ਪੰਚਾਸੀ ਸਾਲ ਨੂੰ ਢੁੱਕੇ ਸੂਰੀ ਸਾਹਿਬ ਕਿਹਾ ਕਿ ਤੇਰਾ ਸਿੰਘ ਚੰਨ, ਸੁਰਿੰਦਰ ਕੌਰ (ਲੋਕ-ਗਾਇਕਾ), ਜਗਦੀਸ਼ ਫਰਿਆਦੀ,ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ ਤੇ ਦਲਬੀਰ ਕੌਰ ਹੋਰਾਂ ਨਾਲ ਮੈਂਨੂੰ ਇਪਟਾ ਵੱਲੋਂ ਦੇਸ਼ ਭਰ ਵਿਚ ਕੀਤੀਆਂ ਗਤੀਵਿਧੀਆਂ ਦਾ ਹਿੱਸਾ ਬਣਨ ਮੌਕਾ ਮਿਲਿਆ।ਉਮਰ ਵਿਚ ਛੋਟਾ ਹੋਣ ਕਾਰਣ ਸਾਰੇ ਮੈਂਨੂੰ ਛੋਟੇ ਭਰਾਵਾਂ ਵਾਂਗ ਪਿਆਰ ਕਰਦੇ ਸਨ, ਕਦੇ ਕਦੇ ਘੂਰ ਵੀ ਦਿੰਦੇ ਸਨ।
ਸੀਰੀਜ਼ ਰੂਬਰੂ-ਏ-ਫ਼ਨਕਾਰ ਦੌਰਾਨ ਸੂਰੀ ਹੋਰਾਂ ਆਪਣੀ ਗਾਇਕੀ ਵੀ ਸੁਣਾਈ ਤੇ ਬਾਂਸੁਰੀ ਦੀਆਂ ਮਧੁਰ ਸੁਰਾਂ ਵੀ ਪੇਸ਼ ਕੀਤੀਆਂ।ਉਨਾਂ ਫਿਲਮ ਨਗਰੀ ਮੁੰਬਈ ਤੇ ਪੰਜਾਬ ਦੀਆਂ ਨਾਮਵਰ ਹਸਤੀਆਂ ਬਲਰਾਜ ਸਾਹਨੀ, ਮੁੰਹਮਦ ਰਫੀ, ਨੌਸ਼ਾਦ, ਚਿੱਤਰਕਾਰ ਸੋਭਾ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਨਾਲ ਬਿਤਾਏ ਭਾਵੁਕ ਪਲਾਂ ਦਾ ਵੀ ਜ਼ਿਕਰ ਕੀਤਾ। ਇਪਟਾ ਆਨ ਏਅਰ ਸੀਰੀਜ਼ ਦੀ ਤਕਨੀਕੀ ਜ਼ੁੰਮੇਵਾਰੀ ਹਰਪਾਲ ਜਾਮਾਰਾਏ ਨਿਭਾਈ।ਜ਼ਿਕਰਯੋਗ ਹੈ ਕਿ ਇਪਟਾ ਆਨ ਏਅਰ ਸੀਰੀਜ਼ ‘ਰੂਬਰੂ-ਏ-ਫ਼ਨਕਾਰ’ ਦੀਆ ਪਹਿਲੀਆਂ ਦੋ ਕੜੀਆਂ ਵਿਚ ਲੋਕ-ਗਾਇਕ ਤੇ ਇਪਟਾ, ਪੰਜਾਬ ਦੇ ਮੁੱਢਲੇ ਕਾਰਕੁਨ ਅਮਰਜੀਤ ਗੁਰਦਾਸਪੁਰੀ ਅਤੇ ਨਾਟਕਕਾਰ, ਓਪੇਰਾਕਾਰ, ਕਵੀ ਤੇ ਇਪਟਾ ਪੰਜਾਬ ਦੇ ਬਾਨੀ ਤੇਰਾ ਸਿੰਘ ਚੰਨ ਹੋਰਾਂ ਨਾਲ ਗੱਲਬਾਤ ਹੋ ਚੁੱਕੀ ਹੈ।






















