ਇਤਿਹਾਸਕ ਦਮੜੀ ਸ਼ੋਭਾ ਯਾਤਰਾ ਸਬੰਧੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਦੀ ਮੀਟਿੰਗ ਹੋਈ
ਹੁਸ਼ਿਆਰਪੁਰ 30 ਮਾਰਚ (ਵਿਸ਼ਵ ਵਾਰਤਾ) ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸੰਤ ਨਿਰਮਲ ਦਾਸ ਪ੍ਰਧਾਨ, ਸੰਤ ਇੰਦਰ ਦਾਸ ਸੇਖੇ ਜਨਰਲ ਸਕੱਤਰ, ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ ਹੋਰ ਸੰਤ ਮਹਾਂਪੁਰਸ਼ਾਂ ਨੇ ਇਤਿਹਾਸਕ ਦਮੜੀ ਸ਼ੋਭਾ ਯਾਤਰਾ ਸਬੰਧੀ ਹਲਕਾ ਚੱਬੇਵਾਲ ਦੇ ਵਿਧਾਇਕ ਨੂੰ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ। ਇਸ ਸਮੇਂ ਸੁਸਾਇਟੀ ਦੇ ਸੰਤ ਮਹਾਂਪੁਰਸ਼ਾਂ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਤਿਹਾਸਕ ਦਮੜੀ ਸ਼ੋਭਾ ਯਾਤਰਾ 2 ਅਪ੍ਰੈਲ ਨੂੰ ਸਵੇਰੇ 8 ਵਜੇ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਤੋਂ ਰਵਾਨਾ ਹੋਵੇਗੀ।ਉਨਾਂ ਦੱਸਿਆ ਕਿ ਸ਼ੋਭਾ ਯਾਤਰਾ ਵੱਖ ਵੱਖ ਸਥਾਨਾਂ ਤੋਂ ਹੋ ਕੇ ਭਗਵਾਨ ਰਵਿਦਾਸ ਆਸ਼ਰਮ ਨਿਰਮਲਾ ਛਾਉਣੀ ਹਰਿਦੁਆਰ ਪਹੁੰਚੇਗੀ ਅਤੇ 3 ਅਪ੍ਰੈਲ਼ ਨੂੰ ਸੰਗਤਾਂ ਸ਼ਾਹੀ ਇਸ਼ਨਾਨ ਕਰਨਗੀਆਂ।ਉਨਾਂ ਸਮੂਹ ਸੰਗਤਾਂ ਨੂੰ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਇਸ ਮੌਕੇ ਮਹਿੰਦਰ ਸਿੰਘ ਮਹਿਲਾਵਾਲੀ ਨੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ ਦਾ ਧੰਨਬਾਦ ਕਰਦਿਆਂ ਕਿਹਾ ਕਿ ਸੁਸਇਟੀ ਵਲੋਂ ਇਹ ਬਹੁਤ ਮਹਾਨ ਉਪਰਾਲਾ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ,ਬਾਬਾ ਸਾਹਿਬ ਡਾ.ਭੀਮ ਰਾੳ ਅੰਬੇਡਕਰ ਦੇ ਦੱਸੇ ਰਸਤਿਆਂ ਤੇ ਸੰਗਤ ਨੂੰ ਇਕੱਠਾ ਕਰ ਰਹੇ ਹਨ।ਉਨਾਂ ਕਿਹਾ ਕਿ ਅੱਜ ਸਭ ਤੋਂ ਵੱਡੀ ਲੋੜ ਹੈ ਕਿ ਅਗਿਆਨਤਾ ਨੂੰ ਦੂਰ ਕਰਕੇ ਸਮਾਜ ਨੂੰ ਸਿੱਖਿਅਤ ਬਣਾਉਣਾ।ਇਸ ਉਪਰਾਲੇ ਲਈ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਇ ਸੁਸਾਇਟੀ ਵਲੋਂ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ ਰਜਿ. ਸੀ ਬੀ ਐਸ ਈ ਸਮਾਜ ਲਈ ਚਾਨਣ ਮਨਾਰਾ ਤੇ ਪ੍ਰੇਰਨਾ ਸਰੋਤ ਬਣਿਆ ਹੈ, ਜਿਥੋਂ ਹਰ ਵਰਗ ਦਾ ਬੱਚਾ ਸਿੱਖਿਆ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕਰ ਰਿਹਾ ਹੈ।ਉਨਾਂ ਕਿਹਾ ਸਰਕਾਰ ਵਲੋਂ ਵਿੱਦਿਆ ਦੇ ਖੇਤਰ ਵਿੱਚ ਹਰ ਤਰਾਂ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਬੱਚਾ ਪੜਾਈ ਤੋਂ ਵਾਂਝਾ ਨਾ ਰਹੇ।