ਇਜ਼ਰਾਈਲ ਨੇ ਗਾਜ਼ਾ ਦੇ ਸਕੂਲ ‘ਤੇ ਫਿਰ ਕੀਤਾ ਹਮਲਾ; 33 ਲੋਕਾਂ ਦੀ ਹੋਈ ਮੌਤ
ਇਜ਼ਰਾਈਲ ਗਾਜ਼ਾ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਹੁਣ ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਨੂੰ ਉੱਤਰੀ ਗਾਜ਼ਾ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਚਲਾਏ ਜਾ ਰਹੇ ਇੱਕ ਹੋਰ ਸਕੂਲ ਵਿੱਚ ਬੰਬਾਰੀ ਕੀਤੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਗਾਜ਼ਾ ਦੇ ਕੇਂਦਰ ਵਿਚ ਇਕ ਸਕੂਲ ‘ਤੇ ਹੋਏ ਇਸੇ ਤਰ੍ਹਾਂ ਦੇ ਹਮਲੇ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ਵਿਚ ਘੱਟੋ-ਘੱਟ 33 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ, ਮੱਧ ਗਾਜ਼ਾ ਵਿਚ ਸ਼ੁੱਕਰਵਾਰ ਨੂੰ ਰਾਤ ਭਰ ਇਜ਼ਰਾਈਲੀ ਹਵਾਈ ਹਮਲਿਆਂ ਵਿਚ ਬੱਚਿਆਂ ਸਮੇਤ 28 ਲੋਕ ਮਾਰੇ ਗਏ ਹਨ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਨਿਵਾਸੀਆਂ ਨੇ ਕਿਹਾ ਕਿ ਮਿਸਰ ਦੇ ਨਾਲ ਸਰਹੱਦ ਰੇਖਾ ਨੂੰ ਕੰਟਰੋਲ ਕਰਨ ਵਾਲੇ ਟੈਂਕਾਂ ਨੇ ਸ਼ਹਿਰ ਦੇ ਕੇਂਦਰ ਦੇ ਪੱਛਮ ਅਤੇ ਦੱਖਣ ਵੱਲ ਕਈ ਹਮਲੇ ਕੀਤੇ, ਜਿਸ ਨਾਲ ਕਈ ਨਿਵਾਸੀ ਜ਼ਖਮੀ ਹੋ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਹਮਾਸ ਦੇ ਲੜਾਕੇ ਸਕੂਲਾਂ ਦੇ ਅੰਦਰੋਂ ਆਪਰੇਸ਼ਨ ਕਰ ਰਹੇ ਸਨ। ਸ਼ੁੱਕਰਵਾਰ ਨੂੰ, ਇਜ਼ਰਾਈਲ ਨੇ 17 ਅੱਤਵਾਦੀਆਂ ਦੇ ਨਾਮ ਵੀ ਜਾਰੀ ਕੀਤੇ, ਜਿਸ ਵਿੱਚ ਕਿਹਾ ਗਿਆ ਹੈ ਕਿ ਵੀਰਵਾਰ ਦੇ ਹਮਲੇ ਵਿੱਚ ਇਹ ਮਾਰੇ ਗਏ ਹਨ।






















