ਇਕੱਲੇ ਮਾਪੇ ਵਾਲੇ ਵਿਦਿਆਰਥੀਆਂ ਨੂੰ ਦਾਖਲੇ ਦਾ ਫਾਰਮ ਭਰਨ ਸਮੇਂ ਆਉਂਦੀ ਹੈ ਦਿੱਕਤ
ਸਿੱਖਿਆ ਵਿਭਾਗ ਨੇ ਦਾਖਲੇ ਸੰਬੰਧੀ ਪੱਤਰ ਕੀਤਾ ਜਾਰੀ
ਮੋਹਾਲੀ, 15 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਇਕੱਲੇ ਮਾਪੇ (Single Parent) (ਮਾਤਾ ਜਾਂ ਪਿਤਾ) ਵਾਲੇ ਵਿਦਿਆਰਥੀਆਂ ਦੇ ਸਕੁਲਾਂ ਵਿੱਚ ਦਾਖਲੇ ਸਮੇਂ ਆਉਂਦੀਆਂ ਮੁਸ਼ਕਿਲਾਂ ਦੂਰ ਕਰਨ ਸਬੰਧੀ ਪੱਤਰ ਜਾਰੀ ਕੀਤਾ ਹੈ। ਡਾਇਰੈਕਟਰ ਸਿੱਖਿਆ (ਸੈ.ਸਿ.) ਪੰਜਾਬ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਆਪਣੇ ਬੱਚਿਆਂ ਦਾ ਦਾਖਲਾ ਕਰਾਉਣ ਦੇ ਇਛੁੱਕ ਕੁਝ ਮਾਪੇ ਜੋ ਇਕੱਲੇ ਹਨ, ਉਨ੍ਹਾਂ ਵੱਲੋਂ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਦਾਖਲਾ ਫਾਰਮ ਵਿੱਚ ਮਾਤਾ ਅਤੇ ਪਿਤਾ ਦੋਹਾਂ ਦਾ ਨਾਮ ਭਰਨਾ ਜ਼ਰੂਰੀ ਹੋਣ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲੇ ਸਮੇਂ ਦਿੱਕਤ ਆਉਂਦੀ ਹੈ।
ਇਸ ਸਬੰਧੀ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ/ਏਡਿਡ/ਅਨਏਡਿਡ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਸਮੇਂ ਜੇਕਰ ਮਾਤਾ ਜਾਂ ਪਿਤਾ ਵੱਲੋਂ ਕਿਸੇ ਵੀ ਕਾਰਨ ਕਰਕੇ ਸਿਰਫ ਇੱਕ ਦਾ ਨਾਂ (ਮਾਤਾ ਜਾਂ ਪਿਤਾ) ਦਾਖਲਾ ਫਾਰਮ ਵਿੱਚ ਦਰਜ ਕੀਤਾ ਜਾਂਦਾ ਹੈ ਤਾਂ ਅਜਿਹੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਮਨ੍ਹਾਂ ਨਾ ਕੀਤਾ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ।