ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਦੇਹਾਂਤ
ਦੁਨੀਆ ਛੱਡਣ ਤੋਂ ਪਹਿਲਾਂ ਹੀ ਨਿਭਾਇਆ ਆਪਣਾ ਫਰਜ਼, ਹਿਮਾਚਲ ਵਿਧਾਨ ਸਭਾ ਚੋਣਾਂ ਲਈ ਕਰ ਗਏ ਵੋਟਿੰਗ
ਚੰਡੀਗੜ੍ਹ 5 ਨਵੰਬਰ(ਵਿਸ਼ਵ ਵਾਰਤ)-ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਇਸ ਦੁਨੀਆਂ ਵਿੱਚ ਨਹੀਂ ਰਹੇ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦੇ 106 ਸਾਲਾ ਬਜ਼ੁਰਗ ਸ਼ਿਆਮ ਸਰਨ ਨੇਗੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਬੀਤੀ ਰਾਤ ਕਰੀਬ 2 ਵਜੇ ਉਹਨਾਂ ਨੇ ਆਖਰੀ ਸਾਹ ਲਿਆ। ਆਜ਼ਾਦੀ ਤੋਂ ਬਾਅਦ, ਜਦੋਂ ਭਾਰਤ ਵਿੱਚ 1951-52 ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ, ਤਾਂ ਸ਼ਿਆਮ ਸਰਨ ਨੇਗੀ ਨੇ ਇਸ ਵਿੱਚ ਸਭ ਤੋਂ ਪਹਿਲਾਂ ਵੋਟ ਪਾਈ। ਇਸ ਦੇ ਨਾਲ ਹੀ ਦੱਸ ਦਈਏ ਕਿ ਨੇਗੀ ਨੇ 2022 ਦੀਆਂ ਹਿਮਾਚਲ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਬੂਥ ‘ਤੇ ਜਾ ਕੇ ਆਪਣੀ ਵੋਟ ਪਾਉਣ ਦੀ ਇੱਛਾ ਪ੍ਰਗਟਾਈ ਸੀ, ਪਰ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਦੇ ਘਰ ਪੋਸਟਲ ਬੈਲਟ ਪੇਪਰ ਰਾਹੀਂ ਵੋਟਿੰਗ ਕਰਵਾਈ ਗਈ | ਇਸ ਤਰ੍ਹਾਂ ਉਹ ਦੁਨੀਆਂ ਛੱਡਣ ਤੋਂ ਪਹਿਲਾਂ ਹੀ ਆਪਣਾ ਫਰਜ਼ ਨਿਭਾਉਂਦੇ ਹੋਏ ਚਲੇ ਗਏ।