ਆਸ਼ੀਰਵਾਦ ਸਕੀਮ ਲਈ ਬਿਨੇ ਕਰਨਾ ਹੋਇਆ ਆਸਾਨ-ਡੀ ਸੀ ਰੰਧਾਵਾ
ਨਵੇਂ ਸਾਲ ਤੋਂ ਅਰਜ਼ੀ ਆਨ ਲਾਈਨ ਪੋਰਟਲ ’ਤੇ ਦੇਣ ਦੀ ਸਹੂਲਤ ਸ਼ੁਰੂ
ਨਵਾਂਸ਼ਹਿਰ, 2 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਆਸ਼ੀਰਵਾਦ ਸਕੀਮ ਲਈ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਕਰਦਿਆਂ ਨਵੇਂ ਸਾਲ ਤੋਂ ਆਨਲਾਈਨ ਪੋਰਟਲ ’ਤੇ ਬਿਨੇ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ http://ashirwad.punjab.gov.in ’ਤੇ ਅਰਜ਼ੀ ਆਨਲਾਈਨ ਭਰੀ ਜਾ ਸਕਦੀ ਹੈ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਆਨਲਾਈਨ ਪੋਰਟਲ ਦੇ ਨਾਲ-ਨਾਲ ਹਾਲ ਦੀ ਘੜੀ 31 ਮਾਰਚ 2023 ਤੱਕ ਆਫ਼ਲਾਈਨ ਅਰਜ਼ੀ ਵੀ ਦਿੱਤੀ ਜਾ ਸਕੇਗੀ ਪਰੰਤੂ ਉਸ ਤੋਂ ਬਾਅਦ ਇਹ ਸਹੂਲਤ ਆਨਲਾਈਨ ਹੀ ਉਪਲਬਧ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਿਤਾ ਤੇ ਘੱਟ ਗਿਣਤੀ ਮਹਿਕਮੇ ਵੱਲੋਂ ਵਿਭਾਗ ਦੇ ਮੰਤਰੀ ਸ੍ਰੀਮਤੀ ਬਲਜੀਤ ਕੌਰ ਦੀ ਅਗਵਾਈ ’ਚ ਅਨੁਸੂਚਿਤ ਜਾਤੀਆਂ, ਪੱਛੜੀ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਰੰਭੇ ਗਏ ਯਤਨਾਂ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਚਾਲੂ ਵਿੱਤੀ ਵਰ੍ਹੇ (ਪਹਿਲੀ ਅਪ੍ਰੈਲ ਤੋਂ 31 ਦਸੰਬਰ 2022 ਤੱਕ) ਦੌਰਾਨ 964 ਲਾਭਪਾਤਰੀਆਂ ਨੂੰ ਆਸ਼ੀਰਵਾਦ ਸਕੀਮ ਤਹਿਤ 51000 ਰੁਪਏ ਪ੍ਰਤੀ ਦਾ ਵਿੱਤੀ ਲਾਭ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 4,91,64000 ਰੁਪਏ ਦੀ ਵਿੱਤੀ ਸਹਾਇਤਾ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਆਸ਼ੀਰਵਾਦ (ਸ਼ਗਨ) ਸਕੀਮ ਦੇ ਰੂਪ ’ਚ ਦਿੱਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਪੋਸਟ ਮੈਟਿ੍ਰਕ ਸਕਾਲਰਸ਼ਿੱਪ ਤਹਿਤ 4913 ਵਿਦਿਆਰਥੀਆਂ ਦੇ ਕੇਸਾਂ ਨੂੰ ਮਨਜੂਰੀ ਦਿੱਤੀ ਗਈ ਜਦਕਿ 4221 ਪ੍ਰੀ-ਮੈਟਿ੍ਰਕ ਸਕਾਲਰਸ਼ਿੱਪ ਦੇ ਕੇਸ ਮਨਜੂਰ ਕੀਤੇ ਗਏ। ਇਸ ਤੋਂ ਇਲਾਵਾ ਮੈਰਿਟ ਕਮ ਮੀਨਜ਼ ਸਕਾਲਰਸ਼ਿੱਪ ਤਹਿਤ ਯੋਗ ਪਾਏ ਗਏ 18 ਕੇਸਾਂ ਨੂੰ ਮਨਜੂਰੀ ਦਿੱਤੀ ਗਈ।
ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਿਤਾ ਤੇ ਘੱਟ ਗਿਣਤੀ ਅਫ਼ਸਰ ਆਸ਼ੀਸ਼ ਕਥੂਰੀਆਂ ਅਨੁਸਾਰ ਇਸ ਤੋਂ ਇਲਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਦੇ ਜ਼ਿਲ੍ਹਾ ਦਫ਼ਤਰ ਵੱਲੋਂ ਜ਼ਿਲ੍ਹੇ ’ਚ ਸਵੈ-ਰੋਜ਼ਗਾਰ ਯੋਜਨਾ ਤਹਿਤ 168 ਕਰਜ਼ਾ ਕੇਸਾਂ ’ਚ 65.09 ਲੱਖ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਗਈ। ਪੰਜਾਬ ਪੱਛੜੀਆਂ ਸ੍ਰੇਣੀਆਂ ਵਿਕਾਸ ਤੇ ਵਿੱਤ ਨਿਗਮ ਦੇ ਜ਼ਿਲ੍ਹਾ ਦਫ਼ਤਰ ਵੱਲੋਂ ਸਵੈ-ਰੋਜ਼ਗਾਰ ਯੋਜਨਾਵਾਂ ਤਹਿਤ 10 ਕੇਸਾਂ ’ਚ 18.60 ਲੱਖ ਰੁਪਏ ਦੀ ਕਰਜ਼ਾ ਰਾਸ਼ੀ ਮਨਜੂਰ ਕੀਤੀ ਗਈ।