ਰੇਤ ਖੱਡਾਂ ਦੀ ਲੁੱਟ ਬੰਦ ਕਰਵਾਉਣ ਅਤੇ ਸ਼ਾਹਕੋਟ ਵਿੱਚ ਸੀਚੇਵਾਲ ਮਾਡਲ ਲਾਗੂ ਕਰਨ ਦਾ ਦਿੱਤਾ ਭਰੋਸਾ
ਸ਼ਾਹਕੋਟ, ਮਈ 19 (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਨੇ ਸ਼ਾਹਕੋਟ ਉੱਪ ਚੋਣਾਂ ਲਈ ਅੱਜ ਆਪਣਾ ਚੋਣ ਮਨੋਰਥ ਪੱਤਰ ਆਪਣੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਗ੍ਰਹਿ ਨਿਵਾਸ ਵਿਖੇ ਜਾਰੀ ਕੀਤਾ ।
ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕੇ ਪਿਛਲੇ ਲਗਭਗ ਚਾਰ ਪੰਜ ਦਹਾਕਿਆਂ ਵਿੱਚ ਵੱਖ ਵੱਖ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਸੂਬੇ ਨੂੰ ਲੁੱਟਿਆ ਹੈ ।ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਕਾਰਜ ਕਰਦੀਆਂ ਹਨ ਅਤੇ ਸੂਬੇ ਦੇ ਲੋਕ ਆਜ਼ਾਦੀ ਤੋਂ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ । ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਲੋਕ ਇਸ ਵਾਰ ਮਨ ਬਣਾ ਚੁੱਕੇ ਹਨ ਕਿ ਉਹ ਅਕਾਲੀ ਅਤੇ ਕਾਂਗਰਸੀਆਂ ਨੂੰ ਹਰਾ ਕੇ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦੇਣਗੇ।
ਇਸ ਮੌਕੇ ਬੋਲਦਿਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ਼ਾਹਕੋਟ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਰੇਤਾ ਚੋਰਾਂ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਵਕਤ ਆ ਗਿਆ ਹੈ ਕਿ ਜਦੋਂ ਆਮ ਆਦਮੀ ਇਨ੍ਹਾਂ ਅਖੌਤੀ ਨੇਤਾਵਾਂ ਨੂੰ ਸਬਕ ਸਿਖਾਵੇ । ਉਨ੍ਹਾਂ ਕਿਹਾ ਕਿ ਇੱਕ ਨਵਾਂ ਸਮਾਜ ਸਿਰਜਣ ਦੀ ਲੋੜ ਹੈ ਜਿਸ ਵਿੱਚ ਹਰ ਗਰੀਬ ਕੋਲ ਘਰ ਹੋਵੇ, ਬੱਚਿਆਂ ਦੇ ਪੜ੍ਹਨ ਲਈ ਚੰਗਾ ਸਕੂਲ ਹੋਵੇ ਅਤੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮਿਲਣ । ਉਨ੍ਹਾਂ ਕਿਹਾ ਕਿ ਆਉਣ ਵਾਲੀ 28 ਤਰੀਕ ਨੂੰ ਸ਼ਾਹਕੋਟ ਤੇ ਲੋਕ ਇੱਕ ਨਵੀਂ ਸ਼ੁਰੂਆਤ ਕਰਦੇ ਹੋਏ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੂੰ ਚੁਣਨਗੇ ।
ਆਪ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੇ ਕਿਹਾ ਕਿ ਹਰ ਸਾਲ ਰੇਤ ਮਾਫੀਆ ਵੱਲੋਂ ਕੀਤੀ ਜਾਂਦੀ ਇੱਕ ਹਜ਼ਾਰ ਕਰੋੜ ਰੁਪਏ ਦੀ ਲੁੱਟ ਬੰਦ ਕਰਵਾ ਕੇ ਇਸ ਪੈਸੇ ਨੂੰ ਗਰੀਬਾਂ ਮਜ਼ਦੂਰਾਂ ਕਿਸਾਨਾਂ ਲਈ ਵਰਤਿਆ ਜਾਵੇਗਾ । ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਸਾਰੇ ਪਿੰਡਾਂ ਵਿੱਚ ਸੀਚੇਵਾਲ ਮਾਡਲ ਲਾਗੂ ਕੀਤਾ ਜਾਵੇਗਾ ਅਤੇ ਸੀਵਰੇਜ ਪਾ ਕੇ ਪਾਣੀ ਨੂੰ ਖੇਤੀ ਯੋਗ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਾਟਰ ਟਰੀਟਮੈਂਟ ਪਲਾਂਟ ਲਗਾ ਕੇ ਗੰਦੇ ਪਾਣੀ ਨੂੰ ਸ਼ੁੱਧ ਕਰਕੇ ਖੇਤੀਬਾੜੀ ਅਤੇ ਹੋਰ ਕੰਮਾਂ ਲਈ ਵਰਤਿਆ ਜਾਵੇਗਾ
ਰਤਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਚਰਨਾਂ ਦੀ ਛੋਹ ਪ੍ਰਾਪਤ ਪਵਿੱਤਰ ਚਿੱਟੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੁਰੇਵਾਲ ਖੱਡ, ਕੈਮਵਾਲਾ ਖੱਡ, ਰਾਏਪੁਰ ਗੁੱਜਰਾਂ ਖੱਡ, ਦਾਊਪੁਰ ਖੱਡ, ਮਿਆਨ ਵਾਲਾ ਖੱਡ, ਆਦਿ ਤੋਂ ਪ੍ਰਾਪਤ 9998 ਕਰੋੜ ਰੁਪਏ ਦੇ ਪੈਸੇ ਨਾਲ ਸ਼ਾਹਕੋਟ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਗਲੀਆਂ ਅਤੇ ਨਾਲੀਆਂ ਆਦਿ ਨੂੰ ਪੱਕਾ ਕੀਤਾ ਜਾਵੇਗਾ ।
ਇਸ ਮੌਕੇ ਵਿਰੋਧੀ ਧਿਰ ਦੇ ਡਿਪਟੀ ਲੀਡਰ ਸਰਬਜੀਤ ਕੌਰ ਮਾਣੂਕੇ, ਅਮਨ ਅਰੋੜਾ, ਨਾਜਰ ਸਿੰਘ ਮਾਨਸ਼ਾਹੀਆ, ਪ੍ਰਿੰਸੀਪਲ ਬੁੱਧ ਰਾਮ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਧੌਲਾ, ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਰੁਪਿੰਦਰ ਕੌਰ ਰੂਬੀ, ਜਗਤਾਰ ਹਿੱਸੋਵਾਲ, ਜੈ ਕ੍ਰਿਸ਼ਨ ਸਿੰਘ ਰੋੜੀ, ਮਾਸਟਰ ਬਲਦੇਵ ਸਿੰਘ ਅਤੇ ਮਨਜੀਤ ਸਿੰਘ ਬਿਲਾਸਪੁਰ ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਮੌਜੂਦ ਸਨ।