ਕੈਪਟਨ ਸਰਕਾਰ ਲੋਕਾਂ ‘ਤੇ ਪਾ ਰਹੀ ਹੈ ਬੇਫਜ਼ੂਲ ਆਰਥਿਕ ਬੋਝ-ਸਤਵੰਤ ਸਿੰਘ ਸਿਆਣ
ਹੁਸ਼ਿਆਰਪੁਰ, 11 ਜੁਲਾਈ (ਵਿਸ਼ਵ ਵਾਰਤਾ)-
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜੁਆਇੰਟ ਸੈਕਟਰੀ ਸਤਵੰਤ ਸਿੰਘ ਸਿਆਣ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ‘ਤੇ ਬੇਫਜ਼ੂਲ ਆਰਥਿਕ ਬੋਝ ਪਾ ਕੇ ਅਤੇ ਇੰਤਕਾਲ ਫ਼ੀਸਾਂ ਦੇ ਨਾਲ ਨਾਲ ਹੋਏ ਚਲਾਣ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਦੀ ਲੁੱਟ ਕਰਕੇ ਆਪਣਾ ਖਜ਼ਾਨਾ ਭਰ ਰਹੀ ਹੈ। ਸਤਵੰਤ ਸਿੰਘ ਸਿਆਣ ਨੇ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਇੰਤਕਾਲ ਦੀਆਂ ਫੀਸਾਂ ਦੇ ਵਾਧੇ ਕਰਨ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਸੂਬਾਈ ਸਰਕਾਰ ਨੇ ਇੰਤਕਾਲ ਦੀ ਫੀਸ ਨੂੰ ਦੁੱਗਣਾ ਕਰ ਕੇ ਲੋਕਾਂ ਉੱਤੇ ਬੇਵਜ੍ਹਾ ਆਰਥਿਕ ਬੋਝ ਪਾ ਦਿੱਤਾ ਹੈ।ਇੰਤਕਾਲ ਦੀ ਫ਼ੀਸ ਦੁੱਗਣੀ ਕਰਨ ਨਾਲ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਵਪਾਰੀ ਵਰਗ ਨੂੰ ਬਹੁਤ ਨੁਕਸਾਨ ਹੋਵੇਗਾ। ਵਪਾਰੀ ਤਾਂ ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਆਰਥਿਕ ਸੰਕਟ ਵਿੱਚ ਫਸੇ ਹੋਏ ਹਨ ਫ਼ੀਸ ਦੁੱਗਣੀ ਕਰਨ ਨਾਲ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਜਾਏਗਾ।
ਜਦਕਿ ਕਰੋਨਾ ਸੰਕਟ ਦੀ ਮਾਰ ਹੇਠ ਆਏ ਲੋਕ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ।ਅਜਿਹੀ ਹਾਲਤ ਵਿੱਚ ਸਰਕਾਰ ਨੂੰ ਤਾਂ ਉਨ੍ਹਾਂ ਦੀ ਆਰਥਿਕ ਤੌਰ ਤੇ ਮੱਦਦ ਕਰਨੀ ਚਾਹੀਦੀ ਹੈ, ਪਰ ਇਸ ਦੀ ਬਜਾਏ ਸੂਬੇ ਦੀ ਕਾਂਗਰਸ ਸਰਕਾਰ ਵੱਖ ਵੱਖ ਤਰ੍ਹਾਂ ਦੇ ਤਰੀਕਿਆਂ ਨਾਲ ਆਪਣਾ ਖਜ਼ਾਨਾ ਭਰਨ ਵਿੱਚ ਲੱਗੀ ਹੋਈ ਹੈ। ਭਾਵੇਂ ਬਿਨਾਂ ਮਾਸਕ ਤੋਂ ਲੋਕਾਂ ਦੇ ਚਲਾਨ ਕੱਟਣ ਜਾਂ ਲੋਕਾਂ ਦੇ ਘਰਾਂ ‘ਚ ਜਾ ਕੇ ਕੂਲਰਾਂ ਦੇ ਚਲਾਨ ਕੱਟਣ ਦੀ ਗੱਲ ਹੋਵੇ ਸਰਕਾਰ ਕਿਸੇ ਨੂੰ ਬਖਸ਼ ਨਹੀਂ ਰਹੀ ਜਿਸ ਕਾਰਨ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਲੋਕ ਹੋਰ ਵੀ ਜ਼ਿਆਦਾ ਦੁਖੀ ਅਤੇ ਪ੍ਰੇਸ਼ਾਨ ਹੋ ਰਹੇ ਹਨ।ਸਤਵੰਤ ਸਿੰਘ ਸਿਆਣ ਨੇ ਕਿਹਾ ਕਿ ਚਲਾਨ ਕੱਟਣ ਦੀ ਬਜਾਏ ਲੋਕਾਂ ਨੂੰ ਜਾਗਰੂਕ ਕਰਨਾ ਸਰਕਾਰ ਦਾ ਫਰਜ਼ ਹੈ।