ਆਮ ਆਦਮੀ ਪਾਰਟੀ ਆਗੂ ਅਜੈਪਾਲ ਸਿੰਘ ਗਿੱਲ ਨੇ ਕੀਤੀ ਖੁਦਕੁਸ਼ੀ;ਥੋੜ੍ਹੇ ਦਿਨ ਪਹਿਲਾਂ ਹੀ ਬਣੇ ਸਨ ਮਾਛੀਵਾੜਾ ਸਹਿਕਾਰੀ ਵਿਕਾਸ ਬੈਂਕ ਦੇ ਚੇਅਰਮੈਨ
ਚੰਡੀਗੜ੍ਹ,25 ਜੂਨ(ਵਿਸ਼ਵ ਵਾਰਤਾ)-ਮਾਛੀਵਾੜਾ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਜੈਪਾਲ ਸਿੰਘ ਗਿੱਲ ਨੇ ਆਪਣੀ ਕੋਠੀ ‘ਚ ਹੀ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਅਜੈਪਾਲ ਸਿੰਘ ਗਿੱਲ ‘ਆਪ’ ਆਗੂਆਂ ਨਾਲ ਪਿੰਡਾਂ ਵਿਚ ਮੀਟਿੰਗਾਂ ’ਚ ਰੁਝੇ ਰਹੇ ਅਤੇ ਕਰੀਬ 9 ਵਜੇ ਉਹ ਅਢਿਆਣਾ ਵਿਖੇ ਸਥਿਤ ਆਪਣੇ ਘਰ ਪਰਤੇ। ਸਵੇਰੇ ਜਦੋਂ ਉਹ ਆਪਣੇ ਕਮਰੇ ਤੋਂ ਬਾਹਰ ਨਾ ਆਏ ਤਾਂ ਪਤਨੀ ਦੇ ਦਰਵਾਜ਼ਾ ਖੜਕਾਉਣ ’ਤੇ ਵੀ ਉਨ੍ਹਾਂ ਨਾ ਖੋਲ੍ਹਿਆ। ਪਤਨੀ ਨੇ ਖਿੜਕੀ ’ਚੋਂ ਦੇਖਿਆ ਤਾਂ ਉਨ੍ਹਾਂ ਦੇ ਪਤੀ ਅਜੈਪਾਲ ਗਿੱਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਮਾਛੀਵਾੜਾ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੀਆਂ ਕੁਝ ਦਿਨ ਪਹਿਲਾਂ ਹੋਈਆਂ ਚੋਣਾਂ ‘ਚ ਅਜੈਪਾਲ ਗਿੱਲ ਡਾਇਰੈਕਟਰ ਬਣੇ ਸਨ। ਦੋ ਦਿਨ ਪਹਿਲਾਂ ਅਹੁਦੇਦਾਰਾਂ ਦੀ ਚੋਣ ‘ਚ ਉਨ੍ਹਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।























