ਆਬਜਰਵਰਾਂ ਵਲੋਂ ਮੀਡੀਆ ਮੌਨੀਟਰਿੰਗ ਐਂਡ ਸਰਟੀਫਿਕੇਸ਼ਨ ਸੈਲ ਤੇ ਸ਼ਿਕਾਇਤ ਸੈਲ ਦਾ ਦੌਰਾ
ਪੇਡ ਨਿਊਜ ਅਤੇ ਬਿਨ੍ਹਾਂ ਪ੍ਰਵਾਨਗੀ ਇਸ਼ਤਿਹਾਰ ਲਾਉਣ ਵਾਲਿਆਂ ਵਿਰੁੱਧ ਨਿਗਰਾਨੀ ’ਤੇ ਤਸੱਲੀ ਪ੍ਰਗਟਾਈ
ਕਪੂਰਥਲਾ, 2 ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਭਾਰਤੀ ਚੋਣ ਕਮਿਸ਼ਨ ਵਲੋਂ ਨਿਯੁਕਤ ਆਬਜਰਵਰਾਂ ਸ੍ਰੀ ਅਸ਼ਵਨੀ ਕੁਮਾਰ ਯਾਦਵ, ਸ੍ਰੀ ਸੁਧਾਕਰ ਤੇਲਾਂਗ ਤੇ ਸ੍ਰੀ ਸ਼ਿਵ ਰਾਜ ਐਸ ਪਾਟਿਲ ਵਲੋਂ ਜਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ ਸਮੇਤ ਮੀਡੀਆ ਮੌਨੀਟਰਿੰਗ ਐਂਡ ਸਰਟੀਫਿਕੇਸ਼ਨ ਸੈਲ ਅਤੇ ਸ਼ਿਕਾਇਤ ਸੈਲ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਪੇਡ ਨਿਊਜ਼ ਅਤੇ ਬਿਨ੍ਹਾਂ ਪ੍ਰਵਾਨਗੀ ਤੋਂ ਇਸ਼ਤਿਹਾਰ ਲਾਉਣ ਤੋਂ ਇਲਾਵਾ ਸ਼ੋਸ਼ਲ ਮੀਡੀਆ ਰਾਹੀਂ ਪ੍ਰਚਾਰ ਉੱਪਰ ਕੀਤੀ ਜਾ ਰਹੀ ਨਿਗਰਾਨੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਐਮ.ਸੀ.ਐਮ.ਸੀ. ਦੇ ਨੋਡਲ ਅਫਸਰ ਕਮ ਡੀ.ਪੀ.ਆਰ.ਓ ਸੁਬੇਗ ਸਿੰਘ ਤੇ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਰਜਨੀਸ਼ ਸ਼ਰਮਾ ਵਲੋਂ ਆਬਜਰਵਰਾਂ ਨੂੰ ਐਮ.ਸੀ.ਐਮ.ਸੀ. ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਉਮੀਦਵਾਰਾਂ ਦੇ ਇਸ਼ਤਿਹਾਰਾਂ ਦੇ ਕੰਟੈਟ ਨੂੰ ਮਨਜ਼ੂਰੀ ਦੇਣ ਦੇ ਨਾਲ-ਨਾਲ ਉਨਾਂ ਦੇ ਸ਼ੋਸ਼ਲ ਮੀਡੀਆ ਖਾਤਿਆਂ ਉੱੰਪਰ ਵੀ ਕਰੜੀ ਨਿਗਰਾਨੀ ਕੀਤੀ ਜਾ ਰਹੀ ਹੈ।
ਆਬਜਰਵਰਾਂ ਨੇ ਐਮ.ਸੀ.ਐਮ.ਸੀ. ਵਲੋਂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇਸ਼ਤਿਹਾਰਬਾਜੀ ਸਬੰਧੀ ਜਾਰੀ ਹਦਾਇਤਾਂ ਬਾਰੇ ਉਮੀਦਵਾਰਾਂ ਨੂੰ ਜਾਣੂੰ ਕਰਵਾਉਣ ਲਈ ਬਣਾਏ ਗਏ ਪੋਸਟਰਾਂ ਦੀ ਤਰਜ਼ ’ਤੇ ਦੂਜੇ ਜਿਲਿਆਂ ਵਿਚ ਵੀ ਇਹ ਪੋਸਟਰ ਭੇਜਣ ਦੀ ਵਕਾਲਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਐਮ.ਸੀ.ਐਮ.ਸੀ. ਵਲੋਂ ਪੇਡ ਨਿਊਜ਼ ਦੇ ਰੁਝਾਨ ਨੂੰ ਰੋਕਣ ਲਈ ਵੀ ਵਿਸ਼ੇਸ਼ ਟੀਮਾਂ ਰਾਹੀਂ ਅਖਬਾਰਾਂ ਤੇ ਚੈਨਲਾਂ ਨੂੰ ਵਾਚਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਸ਼ਿਕਾਇਤ ਸੈਲ ਦਾ ਵੀ ਦੌਰਾ ਕੀਤਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ਼੍ਰੀਮਤੀ ਅਨੁਪਮ ਕਲੇਰ ਨੇ ਉਨ੍ਹਾਂ ਨੂੰ ਸੀ-ਵਿਜਲ ਅਤੇ ਹੋਰ ਸੰਚਾਰ ਸਾਧਨਾਂ ’ਤੇ ਆ ਰਹੀਆਂ ਸ਼ਿਕਾਇਤਾਂ ਤੇ ਉਨ੍ਹਾਂ ਦੇ ਨਿਪਟਾਰੇ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਚੋਣ ਤਹਿਸੀਲਦਾਰ ਮਨਜੀਤ ਕੌਰ , ਐਮ.ਸੀ.ਐਮ.ਸੀ. ਸੈਲ ਦੇ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।























