ਚੰਡੀਗੜ੍ਹ, 9 ਜੁਲਾਈ (ਵਿਸ਼ਵ ਵਾਰਤਾ)- ਨਸ਼ਿਆਂ ਦੀ ਗ੍ਰਿਫ਼ਤ ਵਿਚ ਆਏ ਨੌਜਵਾਨਾਂ ਦੀਆਂ ਨਿੱਤ ਹੋ ਰਹੀਆਂ ਮੌਤਾਂ ਉੱਤੇ ਸਖ਼ਤ ਸਟੈਂਡ ਲੈਂਦਿਆਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਐਲਾਨ ਕੀਤਾ ਕਿ ਉਹ 12 ਜੁਲਾਈ ਨੂੰ ਐਸਐਸਪੀ ਫ਼ਰੀਦਕੋਟ ਦਾ ਦਫ਼ਤਰ ਘੇਰਨਗੇ।
ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਆਪ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਯੂਥ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਨਸ਼ਿਆਂ ਪ੍ਰਤੀ ਗੰਭੀਰ ਨਹੀਂ ਹੈ ਅਤੇ ‘ਆਪ’ ਇਸ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਵੱਲੋਂ ਗੁਟਕਾ ਸਾਹਿਬ ਫੜ ਕੇ ਚੁੱਕੀ ਸੂੰਹ ਯਾਦ ਕਰਵਾਉਂਦੇ ਰਹਿਣਗੇ।
ਡਾ. ਬਲਬੀਰ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਸ਼ਿਆਂ ਦੇ ਮਾਮਲੇ ਵਿਚ ਐਸ.ਟੀ.ਐਫ ਦੀ ਰਿਪੋਰਟ ਜਨਤਕ ਕਰਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਨਸ਼ੇ ਦੇ ਵਪਾਰ ਵਿਚ ਸ਼ਾਮਲ ਅਕਾਲੀ ਆਗੂਆਂ ਨੂੰ ਜੇਲ੍ਹ ਭੇਜਣ ਦਾ ਦਾਅਵਾ ਕਰਨ ਵਾਲੇ ਕੈਪਟਨ ਸਪਸ਼ਟ ਕਰਨ ਕਿ ਉਨ੍ਹਾਂ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਡੋਪ ਟੈੱਸਟ ਦਾ ਡਰਾਮਾ ਕਰ ਕੇ ਨਸ਼ਿਆਂ ਦੇ ਮੁੱਦੇ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਡੋਪ ਟੈੱਸਟ ਇਸ ਮੁੱਦੇ ਦਾ ਕੋਈ ਸਾਰਥਿਕ ਹੱਲ ਨਹੀਂ ਹੈ ਅਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਗਰੰਟੀ ਦਿੰਦੇ ਹਨ ਕਿ ਅਜਿਹਾ ਕਰਨ ਨਾਲ ਨਸ਼ੇ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਸੂਬੇ ਵਿਚ ਕੋਈ ਨੌਜਵਾਨ ਨਹੀਂ ਮਰੇਗਾ ਤਾਂ ਉਹ ਦਿਨ ਵਿਚ 2 ਵਾਰ ਡੋਪ ਟੈੱਸਟ ਕਰਵਾਉਣ ਲਈ ਤਿਆਰ ਹਨ। ਹੇਅਰ ਨੇ ਕਿਹਾ ਕਿ ਸਰਕਾਰ ਨਸ਼ੇ ਦੇ ਤਸਕਰਾਂ ਨੂੰ ਫੜਨ ਦੀ ਥਾਂ ਆਪਣੇ ਹੀ ਕਰਮਚਾਰੀਆਂ ਨੂੰ ਪਰੇਸ਼ਾਨ ਕਰਨ ਉੱਤੇ ਤੁਲੀ ਹੋਈ ਹੈ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ‘ਆਪ’ ਦੇ ਵਿਧਾਇਕਾਂ ਨੇ ਡੋਪ ਟੈੱਸਟ ਕਰਵਾ ਕੇ ਕੈਪਟਨ ਦੀ ਗੱਲ ਮੰਨੀ ਹੈ ਅਤੇ ਉਹ ਹੁਣ ਨਸ਼ਾ ਤਸਕਰਾਂ ਨੂੰ ਫੜਨ ਦਾ ਵਾਅਦਾ ਪੂਰਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਵਿਧਾਇਕ ਅਜਿਹਾ ਨਾ ਕਰਦੇ ਤਾਂ ਕਾਂਗਰਸ ਸਰਕਾਰ ਨੇ ਉਨ੍ਹਾਂ ਉੱਤੇ ਡੋਪ ਟੈੱਸਟ ਤੋਂ ਭੱਜਣ ਦਾ ਦੋਸ਼ ਲਗਾਉਣਾ ਸੀ।
ਮਨਜਿੰਦਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮਸਲਿਆਂ ਤੋਂ ਬੇਮੁਖ ਹੋ ਗਏ ਹਨ ਅਤੇ ਉਨ੍ਹਾਂ ਉੱਤੇ ਨਸ਼ੇ ਨਾਲ ਹੋ ਰਹੀਆਂ ਮੌਤਾਂ ਦਾ ਕੋਈ ਅਸਰ ਨਹੀਂ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਨੌਜਵਾਨ ਬੱਬਲੂ ਵੱਲੋਂ ਥਾਣਾ ਅਰਨੀਵਾਲਾ ਦੇ ਪੁਲਿਸ ਮੁਲਾਜ਼ਮਾਂ ਉੱਤੇ ਨਸ਼ੇ ਵੇਚਣ ਅਤੇ ਤਸਕਰਾਂ ਨੂੰ ਪਨਾਹ ਦੇਣ ਦੇ ਦੋਸ਼ਾਂ ਉੱਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਜਦੋਂ ਪੁਲਿਸ ਹੀ ਅਜਿਹੇ ਕਾਰਜ ਕਰੇਗੀ ਤਾਂ ਲੋਕਾਂ ਦੇ ਜਾਨ ਮਾਲ ਦਾ ਰੱਬ ਹੀ ਰਾਖਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਯੂਥ ਵਿੰਗ ਵੱਲੋਂ ਐਸਐਸਪੀ ਫ਼ਾਜ਼ਿਲਕਾ ਦਫ਼ਤਰ ਘੇਰਨ ਦੀ ਚੇਤਾਵਨੀ ਤੋਂ ਬਾਅਦ ਹੀ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ।
ਸਿੱਧੂ ਨੇ ਕਿਹਾ ਕਿ ‘ਆਪ’ ਯੂਥ ਵਿੰਗ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਣ ਲਈ ਹਰ ਹੀਲਾ ਵਰਤੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਯੂਥ ਵਿੰਗ ਵੱਲੋਂ ਸ਼ੁਰੂ ਕੀਤੀ ‘ਹੱਲਾ ਬੋਲਾ’ ਮੁਹਿੰਮ ਦੇ ਅਧੀਨ ਸੂਬੇ ਭਰ ਵਿਚ ਜਿੱਥੇ ਵੀ ਨਸ਼ੇ ਨਾਲ ਕੋਈ ਮੌਤ ਹੁੰਦੀ ਹੈ, ਉੱਥੇ ਪੁਲਿਸ ਮੁਖੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਸ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾਵੇਗੀ।
ਇਸ ਮੌਕੇ ਵਿਧਾਇਕ ਹਰਪਾਲ ਚੀਮਾ, ਮਾਝਾ ਜ਼ੋਨ ਪ੍ਰਧਾਨ ਕੁਲਦੀਪ ਧਾਲੀਵਾਲ, ਮਾਲਵਾ ਜ਼ੋਨ-2 ਪ੍ਰਧਾਨ ਗੁਰਦਿੱਤ ਸੇਖੋਂ, ਮਾਲਵਾ ਜ਼ੋਨ 3 ਪ੍ਰਧਾਨ ਦਲਬੀਰ ਢਿੱਲੋਂ, ਯੂਥ ਵਿੰਗ ਮਾਲਵਾ-2 ਪ੍ਰਧਾਨ ਅਮਨ ਮੋਹੀ, ਯੂਥ ਵਿੰਗ ਮਾਝਾ ਪ੍ਰਧਾਨ ਸੁਖਰਾਜ ਬਲ, ਯੂਥ ਵਿੰਗ ਦੋਆਬਾ ਪ੍ਰਧਾਨ ਰੋਬੀ ਕੰਗ ਅਤੇ ਹੋਰ ਅਹੁਦੇਦਾਰ ਮੌਜੂਦ ਸਨ।
ਲੋਕ ਸਭਾ ਚੋਣਾਂ 2024- ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਐਲਾਨਿਆ ਉਮੀਦਵਾਰ
ਲੋਕ ਸਭਾ ਚੋਣਾਂ 2024- ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਐਲਾਨਿਆ ਉਮੀਦਵਾਰ ਚੰਡੀਗੜ੍ਹ, 7ਮਈ(ਵਿਸ਼ਵ ਵਾਰਤਾ)- ਕਾਂਗਰਸ ਨੇ ਅੱਜ...