
• ਆਧੁਨਿਕ ਪ੍ਰਣਾਲੀ ਸਦਕਾ ਖੱਜਲ-ਖਵਾਰੀ ਤੋਂ ਜਾਇਦਾਦ ਖ਼ਰੀਦਦਾਰਾਂ ਨੂੰ ਮਿਲੀ ਨਿਜਾਤ
ਚੰਡੀਗੜ, 22 ਮਾਰਚ (ਵਿਸ਼ਵ ਵਾਰਤਾ) : ਮਾਲ ਵਿਭਾਗ ਵੱਲੋਂ ਚਲਾਈ ਗਈ ਕਲਾਊਡ-ਬੇਸਡ ਐਨ.ਜੀ.ਡੀ.ਆਰ.ਐਸ (ਨੈਸ਼ਨਲ ਜੈਨਰਿਕ ਡਾਕੁਮੈਂਟ ਰਜਿਸਟ੍ਰੇਸ਼ਨ ਸਿਸਟਮ) ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਸੂਬੇ ਵਿੱਚ ਨਿਰੰਤਰ ਕਾਮਯਾਬੀ ਦੀਆਂ ਪੁਲਾਂਘਾਂ ਪੁੱਟ ਰਹੀ ਹੈ। ਨਵੰਬਰ 2017 ਤੋਂ ਸ਼ੁਰੂ ਹੋਏ ਪਾਇਲਟ ਪ੍ਰੋਜੈਕਟ ਤੋਂ ਹੁਣ ਤੱਕ 16201 ਦੇ ਕਰੀਬ ਆਨ-ਲਾਈਨ ਰਜਿਸਟਰੀਆਂ ਹੋ ਚੁੱਕੀਆਂ ਹਨ।
ਇਸ ਨਵੀਨ ਪ੍ਰੋਜੈਕਟ ਦਾ ਜਾਇਜ਼ਾ ਲੈਂਦਿਆਂ ਵਿੱਤੀ ਕਮਿਸ਼ਨਰ ਮਾਲ ਸ੍ਰੀਮਤੀ ਵਿੰਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਜਾਇਦਾਦ ਰਜਿਸਟ੍ਰੇਸ਼ਨ ਦੀ ਇੱਕ ਪਾਰਦਰਸ਼ੀ,ਸਰਲ ਤੇ ਸੁਚੱਜੀ ਪ੍ਰਣਾਲੀ ਪ੍ਰਦਾਨ ਕਰਨਾ ਚਾਹੁੰਦੀ ਹੈ,ਜਿਸ ਤਹਿਤ ਐਨ.ਜੀ.ਡੀ.ਆਰ.ਐਸ ਦੇ ਪੋਰਟਲ ਉੱਤੇ ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਦੀ ਸੁਵਿਧਾ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਸੂਬੇ ਦੇ 8 ਜ਼ਿਲ੍ਹਿਆਂ ਜਿਨ੍ਹਾਂ ‘ਚ ਐਸ.ਏ.ਐੱਸ ਨਗਰ, ਫਤਿਹਗੜ੍ਹ ਸਾਹਿਬ, ਰੂਪਨਗਰ, ਕਪੂਰਥਲਾ, ਫ਼ਰੀਦਕੋਟ, ਪਠਾਨਕੋਟ, ਪਟਿਆਲਾ ਅਤੇ ਬਠਿੰਡਾ ਸ਼ਾਮਲ ਹਨ, ਦੇ ਨਾਲ-ਨਾਲ ਤਹਿਸੀਲ ਪੱਧਰ ‘ਤੇ ਮੋਗਾ ਅਤੇ ਉੱਪ-ਤਹਿਸੀਲ ਪੱਧਰ ‘ਤੇ ਆਦਮਪੁਰ ਵਿੱਚ ਕਾਮਯਾਬੀ ਨਾਲ ਚੱਲ ਰਹੀ ਹੈ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਦੇ ਸ਼ੁਰੂ ਹੋਣ ਤੋਂ ਬਾਅਦ ਐਸ.ਏ.ਐਸ ਨਗਰ ਵਿੱਚ ਹੁਣ ਤੱਕ ਕੁੱਲ 8279 ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ ਅਤੇ ਕੋਈ ਵੀ ਮੈਨੁਅਲ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ । ਜਦਕਿ ਫਤਿਹਗੜ੍ਹ ਸਾਹਿਬ ਵਿੱਚ 1078, ਰੂਪਨਗਰ ਵਿੱਚ 793, ਕਪੂਰਥਲਾ ਵਿੱਚ 1529, ਫ਼ਰੀਦਕੋਟ ਵਿੱਚ 1175, ਮੋਗਾ ਵਿੱਚ 2242 ਅਤੇ ਆਦਮਪੁਰ ਵਿੱਚ 830 ਆਨ-ਲਾਈਨ ਰਜਿਸਟ੍ਰੀਆਂ ਕੀਤੀਆਂ ਗਈਆਂ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਇਸ ਨਵੀਂ ਪ੍ਰਣਾਲੀ ਨੂੰ ਸ਼ੁਰੂ ਕਰਨ ਵਾਲੇ ਜ਼ਿਲ੍ਹਾ ਬਠਿੰਡਾ ਵਿੱਚ 55 ਅਤੇ ਪਟਿਆਲਾ ਵਿੱਚ 19 ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨਾ ਕੀਤੀਆਂ ਗਈਆਂ।
ਸ੍ਰੀਮਤੀ ਮਹਾਜਨ ਨੇ ਦੱਸਿਆ ਕਿ ਮੈਨੂਅਲ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਥਾਂ ‘ਤੇ ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਕਿਰਿਆ ਅਪਣਾਉਣਾ ਲਗਭਗ ਨਿਰਵਿਘਨ ਰਿਹਾ। ਨਵੀਨ ਪ੍ਰਣਾਲੀ ਬੜੀ ਕਾਮਯਾਬੀ ਨਾਲ ਸੂਬੇ ਵਿੱਚ ਆਪਣੇ ਪੈਰ ਪੱਕੇ ਕਰ ਰਹੀ ਹੈ। ਦਿਨੋਂ-ਦਿਨ ਲੋਕਾਂ ਦਾ ਭਰੋਸਾ ਇਸ ਵਿੱਚ ਵਧਦਾ ਜਾ ਰਿਹਾ ਹੈ ਅਤੇ ਜਲਦੀ ਹੀ ਇਹ ਪ੍ਰਣਾਲੀ ਸੂਬੇ ਦੇ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਵੀ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਦੀ ਇਹ ਆਧੁਨਿਕ ਪ੍ਰਣਾਲੀ ਬੜੀ ਸਰਲ ਅਤੇ ਵਰਤਣ ਲਈ ਸੁਖਾਲੀ ਹੈ। ਇਸ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਜਿਵੇਂ ਨਾਗਰਿਕਾਂ ਨੂੰ 24*7 (ਚੌਵੀ ਘੰਟੇ) ਰਜਿਸਟ੍ਰੇਸ਼ਨ ਦੇ ਵੇਰਵੇ ਅਤੇ ਆਪਣੀ ਜਾਇਦਾਦ ਸਬੰਧੀ ਦਸਤਾਵੇਜ਼ ਅੱਪਲੋਡ ਕਰਨ ਦੀ ਸਹੂਲਤ, ਆਟੋਮੈਟਿਕ ਸਟੈਂਪ ਡਿਊਟੀ ਕੈਲਕੂਲੇਟ ਕਰਨ ਦੀ ਸਹੂਲਤ, ਕੁਲੈਕਟਰ ਰੇਟਾਂ ‘ਤੇ ਅਧਾਰਿਤ ਰਜਿਸਟ੍ਰੇਸ਼ਨ ਫੀਸ ਅਤੇ ਹੋਰ ਫੀਸਾਂ ਦੀ ਜਾਣਕਾਰੀ, ਵਸੀਕਾ ਨਵੀਸਾਂ ਉੱਤੇ ਬੇਲੋੜੀ ਨਿਰਭਰਤਾ ਨੂੰ ਘੱਟ ਕਰਨਾ ਆਦਿ ਸ਼ਾਮਿਲ ਹਨ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਖਤਮ ਹੋਣ ਉਪਰੰਤ ਸਬੰਧਤ ਵਿਅਕਤੀ ਨੂੰ ਇੱਕ ਮੋਬਾਇਲ ਸੰਦੇਸ਼ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਧੋਖਾਧੜੀ ਦਾ ਕੋਈ ਖਦਸ਼ਾ ਹੀ ਪੈਦਾ ਨਾ ਹੋ ਸਕੇ। ਇਸ ਵਿੱਚ ਉਪਲਬਧ ਆਨ-ਲਾਈਨ ਮੁਲਾਕਾਤ ਦਾ ਸਮਾਂ ਲੈਣ ਦੀ ਸੁਵਿਧਾ ਨਾਲ ਸੁਬੇ ਦੇ ਨਾਗਰਿਕ ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਰਜਿਸਟ੍ਰੇਸ਼ਨ ਲਈ ਸਮਾਂ ਅਤੇ ਤਾਰੀਖ ਲੈ ਸਕਦੇ ਹਨ ਤਾਂ ਜੋ ਖੱਜਲ ਖਵਾਰੀ ਤੋਂ ਬਚਿਆ ਜਾ ਸਕੇ।






















