ਆਟਾ-ਦਾਲ ਸਕੀਮ ਤੋਂ ਬਾਅਦ ਹੁਣ ਮਾਈਨਿੰਗ ਵਿਭਾਗ ਦੇ ਟੈਂਡਰਾਂ ਤੇ ਵੀ ਲਾਈ ਰੋਕ
ਚੰਡੀਗੜ੍ਹ,14 ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲਗਾਤਾਰ ਦੂਜੇ ਦਿਨ ਦੂਜਾ ਵੱਡਾ ਝਟਕਾ ਲੱਗਾ ਹੈ। ਅਦਾਲਤ ਵੱਲੋਂ ਆਟਾ-ਦਾਲ ਦੀ ਘਰ-ਘਰ ਵੰਡ ਅਤੇ ਮੰਡੀਆਂ ਵਿੱਚੋਂ ਅਨਾਜ ਚੁੱਕਣ ਦੇ ਟੈਂਡਰਾਂ ‘ਤੇ ਰੋਕ ਲਗਾਉਣ ਤੋਂ ਬਾਅਦ ਹੁਣ ‘ਆਪ’ ਸਰਕਾਰ ਨੂੰ ਇੱਕ ਹੋਰ ਝਟਕਾ ਲੱਗਾ ਹੈ ਕਿਉਂਕਿ ਹਾਈ ਕੋਰਟ ਨੇ 276 ਨਵੀਆਂ ਖੱਡਾਂ ਵਿੱਚੋਂ ਖਣਿਜ ਪਦਾਰਥਾਂ (ਰੇਤ ਦੀ ਮਾਈਨਿੰਗ) ਦੀ ਨਿਕਾਸੀ ਦੇ ਟੈਂਡਰਾਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ 270 ਤੋਂ ਵੱਧ ਠੇਕੇਦਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ। ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਨੇ ਖੁਦ ਰੇਤਾ ਅਤੇ ਬਜਰੀ ਵੇਚਣੀ ਸੀ। ਦੱਸ ਦਈਏ ਕਿ ਇਸ ਦੇ ਨਾਲ ਹੀ ਸਰਕਾਰ ਨੂੰ ਆਮ ਜਨਤਾ ਦਾ ਵੀ ਭਾਰੀ ਵਿਰੋਧ ਦੇਖਣਾ ਪੈ ਰਿਹਾ ਹੈ। ਰੇਤੇ ਅਤੇ ਬਜਰੀ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।