ਅੱਜ ਵਾਲਮੀਕਿ ਜੈਅੰਤੀ ‘ਤੇ ਸ਼ੋਭਾ ਯਾਤਰਾ ; CM ਮਾਨ ਸਮੇਤ ਕਈ ਆਗੂ ਕਰਨਗੇ ਸ਼ਮੂਲੀਅਤ
ਜਲੰਧਰ, 16 ਅਕਤੂਬਰ (ਵਿਸ਼ਵ ਵਾਰਤਾ): ਸ਼੍ਰੀ ਵਾਲਮੀਕਿ ਮਹਾਰਾਜ ਦੇ ਜਨਮ ਦਿਵਸ ‘ਤੇ ਅੱਜ ਜਲੰਧਰ ਸ਼ਹਿਰ ‘ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸ਼ੋਭਾ ਯਾਤਰਾ ਵਿੱਚ ਮੁੱਖ ਤੌਰ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੰਤਰੀ ਮਹਿੰਦਰ ਭਗਤ ਅਤੇ ਕਈ ਵਿਧਾਇਕਾਂ ਸਮੇਤ ਸੂਬੇ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ। ਇਸ ਸਬੰਧੀ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਮਿਸ਼ਨਰੇਟ ਪੁਲੀਸ ਦੇ ਟਰੈਫਿਕ ਵਿੰਗ ਨੇ ਇਸ ਸਬੰਧੀ ਠੋਸ ਪ੍ਰਬੰਧ ਕੀਤੇ ਹਨ। ਇੱਕ ਦਿਨ ਪਹਿਲਾਂ ਹੀ ਪੁਲੀਸ ਨੇ ਪੂਰੇ ਸ਼ਹਿਰ ਦਾ ਰੂਟ ਪਲਾਨ ਜਾਰੀ ਕਰ ਦਿੱਤਾ ਸੀ। ਅੱਜ ਸਵੇਰੇ 10 ਵਜੇ ਤੋਂ ਕਈ ਰੂਟ ਬੰਦ ਕਰ ਦਿੱਤੇ ਗਏ ਹਨ। ਇਹ ਬੰਦ ਰਾਤ ਕਰੀਬ 10 ਵਜੇ ਤੱਕ ਜਾਰੀ ਰਹੇਗਾ। ਦੱਸ ਦੇਈਏ ਕਿ ਭਗਵਾਨ ਵਾਲਮੀਕਿ ਉਤਸਵ ਕਮੇਟੀ ਵੱਲੋਂ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਯਾਤਰਾ ਅਲੀ ਮੁਹੱਲੇ ਦੇ ਪ੍ਰਾਚੀਨ ਮੰਦਰ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ), ਲਵਕੁਸ਼ ਚੌਕ, ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗੜਾ ਗੇਟ, ਹੁਸ਼ਿਆਰਪੁਰ ਅੱਡਾ ਚੌਕ, ਮੇਨ ਹੀਰਾ ਗੇਟ, ਸ਼ੀਤਲਾ ਮੰਦਰ ਮੁਹੱਲਾ, ਵਾਲਮੀਕੀ ਗੇਟ ’ਚ ਸਮਾਪਤ ਹੋਵੇਗੀ। ਇਹ ਸਾਰੀਆਂ ਸੜਕਾਂ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਆਵਾਜਾਈ ਲਈ ਬੰਦ ਰਹਿਣਗੀਆਂ।