ਅੰਮ੍ਰਿਤਸਰ ‘ਚ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ
ਬੀ.ਐੱਸ.ਐੱਫ ਨੇ ਕੀਤੀ ਗੋਲੀਬਾਰੀ: ਕਰੋੜਾਂ ਦੀ ਹੈਰੋਇਨ ਜ਼ਬਤ
ਚੰਡੀਗੜ੍ਹ,5ਜੂਨ(ਵਿਸ਼ਵ ਵਾਰਤਾ)- ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿ ਸਮੱਗਲਰਾਂ ਦੇ ਡਰੋਨ ਨੇ ਇਕ ਵਾਰ ਫਿਰ ਘੁਸਪੈਠ ਕੀਤੀ ਹੈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਚੌਕਸ ਜਵਾਨਾਂ ਨੇ ਇਸ ਡਰੋਨ ਨੂੰ ਡੇਗਣ ‘ਚ ਸਫਲਤਾ ਹਾਸਲ ਕੀਤੀ ਹੈ। ਜਵਾਨਾਂ ਨੇ ਤਲਾਸ਼ੀ ਤੋਂ ਬਾਅਦ ਡਰੋਨ ਨੂੰ ਕਬਜ਼ੇ ‘ਚ ਲੈ ਲਿਆ ਹੈ। ਇਸ ਦੇ ਨਾਲ ਹੀ ਇਸ ਡਰੋਨ ਨਾਲ ਹੈਰੋਇਨ ਦੀ ਇੱਕ ਖੇਪ ਵੀ ਬੰਨ੍ਹੀ ਗਈ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 21 ਕਰੋੜ ਰੁਪਏ ਦੱਸੀ ਜਾਂਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ ਦੇ ਜਵਾਨਾਂ ਨੂੰ ਅੰਮ੍ਰਿਤਸਰ ਦੇ ਅਟਾਰੀ ਅੰਤਰਰਾਸ਼ਟਰੀ ਸਰਹੱਦ ਅਧੀਨ ਪੈਂਦੇ ਪਿੰਡ ਰਤਨਾਖੁਰਦ ਨੇੜੇ ਇਹ ਸਫਲਤਾ ਮਿਲੀ ਹੈ। ਬੀਐਸਐਫ ਦੇ ਜਵਾਨ ਗਸ਼ਤ ’ਤੇ ਸਨ। ਰਾਤ 9.45 ਵਜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਸਿਪਾਹੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਮਿੰਟਾਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਜਦੋਂ ਤਲਾਸ਼ੀ ਦੌਰਾਨ ਖੇਤਾਂ ਵਿੱਚੋਂ ਡਰੋਨ ਮਿਲਿਆ ਤਾਂ ਡਰੋਨ ਦੇ ਟੁਕੜੇ ਹੋ ਗਏ ਸਨ। ਨੇੜਿਓਂ ਇੱਕ ਪੀਲੇ ਰੰਗ ਦਾ ਬੈਗ ਵੀ ਮਿਲਿਆ ਹੈ, ਜਿਸ ਨੂੰ ਡਰੋਨ ਦੇ ਨਾਲ ਭਾਰਤੀ ਸਰਹੱਦ ਵੱਲ ਭੇਜਿਆ ਗਿਆ ਸੀ। ਜਾਂਚ ਤੋਂ ਬਾਅਦ ਜਦੋਂ ਬੈਗ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚ ਹੈਰੋਇਨ ਦੀ ਖੇਪ ਸੀ। ਜਿਸ ਦਾ ਕੁੱਲ ਵਜ਼ਨ 3.2 ਕਿਲੋ ਸੀ।