
ਅੰਮ੍ਰਿਤਸਰ 2 ਫ਼ਰਵਰੀ( ਵਿਸ਼ਵ ਵਾਰਤਾ )– ਬੀਤੀ ਰਾਤ ਸਥਾਨਕ ਸ਼ਹਿਰ ਚ ਉਸ ਸਮੇਂ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਜਦੋਂ ਇੱਕ ਨੌਜਵਾਨ ਫਾਇਨਾਂਸਰ ਬਿਕਰਮਜੀਤ ਸਿੰਘ (30) ਨੇ ਆਪਣੀ ਪਤਨੀ ਯਾਦਕਿਰਨ ਕੌਰ ਸਮੇਤ ਆਪਣੇ ਪੰਜ ਵਰ੍ਹਿਆਂ ਦੇ ਪੁੱਤਰ ਵਰਸੀਰਤ ਸਿੰਘ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਹੱਤਿਆ ਕਰ ਲਈ । ਭਾਵੇਂ ਕਿ ਸੂਚਨਾ ਮਿਲਦੇ ਥਾਣਾ ਮਕਬੂਲਪੁਰਾ ਦੇ ਐੱਸਐੱਚਓ ਸਮੇਤ ਕਈ ਵੱਡੇ ਅਧਿਕਾਰੀ ਵੀ ਘਟਨਾ ਵਾਲੀ ਥਾਂ ਮ੍ਰਿਤਕ ਦੇ ਮਕਬੂਲਪੁਰਾ ਰੋਡ ਤੇ ਸਥਿਤ ਗੁਰੂ ਤੇਗ ਬਹਾਦਰ ਨਗਰ ਚ ਘਰ ਪੁੱਜੇ । “ਵਿਸ਼ਵ ਵਾਰਤਾ” ਦੇ ਪ੍ਰਤੀਨਿਧੀ ਵੱਲੋਂ ਘਟਨਾ ਵਾਲੀ ਥਾਂ ਤੇ ਕੁਝ ਕੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਘ ਫਾਇਨਾਂਸ ਦਾ ਕੰਮ ਕਰਦਾ ਸੀ ਅਤੇ ਲੋਕਾਂ ਨੂੰ ਵਿਆਜ ਤੇ ਪੈਸੇ ਦਿੰਦਾ ਸੀ ਅਤੇ ਉਹ ਗੁਰੂ ਤੇਗ ਬਹਾਦਰ ਨਗਰ ਵਿੱਚ ਆਪਣੀ ਦੋ ਮੰਜ਼ਿਲਾ ਕੋਠੀ ਵਿੱਚ ਰਹਿੰਦਾ ਸੀ ।
ਜਿਸ ਦੀ ਉਪਰਲੀ ਮੰਜ਼ਿਲ ਉਸ ਨੇ ਕਿਰਾਏ ਤੇ ਦਿੱਤੀ ਸੀ । ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨਾਂ ਤੋਂ ਪ੍ਰੇਸ਼ਾਨ ਵੀ ਸੀ । ਲੰਘੀ ਰਾਤ ਸੋਮਵਾਰ ਨੂੰ ਉਸ ਦੇ ਕਿਰਾਏਦਾਰ ਨੇ ਜਦੋਂ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਸ ਨੇ ਜਦੋਂ ਥੱਲੇ ਜਾ ਕੇ ਦੇਖਿਆ ਤਾਂ ਉਹ ਮੌਕੇ ਦਾ ਦ੍ਰਿਸ਼ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਘਰ ਦੇ ਬਾਹਰ ਨਿਕਲ ਕੇ ਰੌਲਾ ਪਾਇਆ । ਜਿਸ ਤੋਂ ਬਾਅਦ ਲੋਕ ਇਕੱਠੇ ਹੋਏ ਉਨ੍ਹਾਂ ਤੁਰੰਤ ਪੁਲੀਸ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕੀਤਾ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਬੱਚੇ ਦੇ ਸਾਹ ਚੱਲਦੇ ਸਨ । ਜਿਸ ਨੂੰ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ ।ਪਰ ਬੱਚਾ ਵੀ ਹਸਪਤਾਲ ਚ ਜਾ ਕੇ ਦਮ ਤੋੜ ਗਿਆ । ਪੁਲੀਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਮ੍ਰਿਤਕ ਦਾ ਲਾਇਸੈਂਸੀ ਰਿਵਾਲਵਰ ਤੇ ਮੋਬਾਇਲ ਵੀ ਆਪਣੇ ਕਬਜ਼ੇ ਚ ਲਿਆ ਗਿਆ ਹੈ। ਇਹ ਵੀ ਪਤਾ ਲੱਗ ਹੈ ਕਿ ਮ੍ਰਿਤਕ ਨੇ ਆਪਣੇ ਮੋਬਾਇਲ ਚ ਮਰਨ ਤੋਂ ਪਹਿਲਾਂ ਕੋਈ ਵੀਡੀਓ ਰਿਕਾਰਡ ਕੀਤੀ ਹੈ । ਪਰ ਪੁਲੀਸ ਵੱਲੋਂ ਅਜੇ ਤੱਕ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ । ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਜਾਂਚ ਚੱਲ ਰਹੀ ਹੈ ।
ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਮਲੇਰਕੋਟਲਾ ਚ ਸਵੀਟ ਸ਼ਾਪ ਮਾਲਕ ਤੇ ਬਠਿੰਡਾ ਚ ਵੀ ਇਕ ਅਮੀਰ ਘਰਾਣੇ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਵੱਲੋਂ ਵੀ ਇਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ






















