ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਫੜੀ ਲੱਖਾਂ ਦੀ ਵਿਦੇਸ਼ੀ ਸਿਗਰੇਟ ਦੀ ਖੇਪ
ਚੰਡੀਗੜ੍ਹ,6ਮਾਰਚ(ਵਿਸ਼ਵ ਵਾਰਤਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਸਟਮ ਵਿਭਾਗ ਨੇ 29 ਲੱਖ ਰੁਪਏ ਦੀਆਂ ਸਿਗਰਟਾਂ ਦੀ ਖੇਪ ਫੜੀ ਹੈ। ਤਸਕਰ ਇਸ ਨੂੰ ਨਾਈਕੀ ਦੇ ਬੂਟਾਂ ਦੀ ਆੜ ਵਿੱਚ ਦੁਬਈ ਤੋਂ ਭਾਰਤ ਲੈ ਕੇ ਆਏ ਸਨ। ਫਿਲਹਾਲ ਅੰਮ੍ਰਿਤਸਰ ਕਸਟਮ ਵਿਭਾਗ ਨੇ ਖੇਪ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਤਾਇਨਾਤ ਅੰਮ੍ਰਿਤਸਰ ਕਸਟਮ (ਪੀ) ਕਮਿਸ਼ਨਰੇਟ ਦੇ ਅਧਿਕਾਰੀਆਂ ਨੇ ਦੁਬਈ ਤੋਂ ਆਉਣ ਵਾਲੀ ਵਿਦੇਸ਼ੀ ਬ੍ਰਾਂਡ ਈਐਸਐਸਈ ਗੋਲਡਨ ਲੀਫ ਸਿਗਰਟਾਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖੇਪ ਨਾਈਕੀ ਦੇ ਜੁੱਤੇ ਦੇ ਕਾਲੇ ਪੈਕਟਾਂ ਵਿੱਚ ਛੁਪਾ ਕੇ ਲਿਆਂਦੀ ਜਾ ਰਹੀ ਸੀ।























