ਅੰਮ੍ਰਿਤਪਾਲ ਮਾਮਲੇ ‘ਚ ਫੜਿਆ NRI ਅਦਾਲਤ ‘ਚੋਂ ਰਿਹਾਅ
ਪੜ੍ਹੋ, ਪੂਰੀ ਖ਼ਬਰ
ਚੰਡੀਗੜ੍ਹ,10ਅਪ੍ਰੈਲ(ਵਿਸ਼ਵ ਵਾਰਤਾ)-‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਕਰੀਬ 24 ਦਿਨਾਂ ਤੋਂ ਫਰਾਰ ਹੈ। ਪਰ ਭਗੌੜਾ ਅੰਮ੍ਰਿਤਪਾਲ ਹਾਲੇ ਵੀ ਕਾਬੂ ਨਹੀਂ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਹੁਣ ਤੱਕ 400 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ 350 ਤੋਂ ਵੱਧ ਲੋਕਾਂ ਨੂੰ ਰਿਹਾਅ ਵੀ ਕੀਤਾ ਗਿਆ ਹੈ।
ਹੁਣ ਇਸ ਮਾਮਲੇ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਜਸਵਿੰਦਰ ਸਿੰਘ ਪਾਂਗਲੀ ਨਾਂ ਦੇ ਇਕ ਐਨਆਰਆਈ ਨੂੰ ਗ੍ਰਿਫਤਾਰ ਕੀਤਾ ਸੀ ਜੋ ਫਗਵਾੜਾ ਨੇੜਲੇ ਪਿੰਡ ਜਗਤਪੁਰ ਜੱਟਾਂ ਦਾ ਰਹਿਣ ਵਾਲਾ ਹੈ। ਪਰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਸ ਨੂੰ ਰਿਹਾਅ ਕਰ ਦਿੱਤਾ। ਦੱਸ ਦੇਈਏ ਕਿ ਜਸਵਿੰਦਰ ਸਿੰਘ ਪਾਂਗਲੀ ਪਿਛਲੇ ਕੁਝ ਸਾਲਾਂ ਤੋਂ ਆਸਟ੍ਰੇਲੀਆ ‘ਚ ਹੈ ਅਤੇ 17 ਅਪ੍ਰੈਲ ਨੂੰ ਵਾਪਸ ਜਾਣ ਵਾਲਾ ਹੈ।
ਜਸਵਿੰਦਰ ਸਿੰਘ ਨੇ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਦੱਸਿਆ ਕਿ ਉਸ ਦਾ ਅੰਮ੍ਰਿਤਪਾਲ ਨਾਲ ਕੋਈ ਸਬੰਧ ਨਹੀਂ ਹੈ। ਅੰਮ੍ਰਿਤਪਾਲ ਸਿੰਘ ਬਾਰੇ ਤਾਂ ਸੁਣਿਆ ਹੈ, ਪਰ ਉਸ ਨੂੰ ਕਦੇ ਦੇਖਿਆ ਜਾਂ ਮਿਲਿਆ ਨਹੀਂ। ਜਸਵਿੰਦਰ ਸਿੰਘ ਦੇ ਵਕੀਲ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਸਵਿੰਦਰ ਸਿੰਘ ਨੂੰ ਸਿਰਫ਼ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੁਲੀਸ ਕੋਲ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਜਸਵਿੰਦਰ ਨੂੰ ਰਿਹਾਅ ਕਰ ਦਿੱਤਾ।