ਅੰਨਾ ਹਜ਼ਾਰੇ ਨੇ ਸ਼ਰਾਬ ਨੀਤੀ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਲਿਖਿਆ ਪੱਤਰ; ਜਤਾਈ ਨਾਰਾਜ਼ਗੀ
ਮੁੱਖ ਮੰਤਰੀ ਬਣਨ ਤੋਂ ਬਾਅਦ ਤੁਸੀਂ ਆਦਰਸ਼ ਵਿਚਾਰਧਾਰਾ ਨੂੰ ਭੁੱਲ ਗਏ – ਅੰਨਾ ਹਜ਼ਾਰੇ
ਚੰਡੀਗੜ੍ਹ,30 ਅਗਸਤ(ਵਿਸ਼ਵ ਵਾਰਤਾ)- ਭ੍ਰਿਸ਼ਟਾਚਾਰ ਨੂੰ ਲੈ ਕੇ ਅਨਸ਼ਣ ਕਰਨ ਵਾਲੇ ਸਮਾਜਸੇਵੀ ਅੰਨਾ ਹਜ਼ਾਰੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਵੀਂ ਸ਼ਰਾਬ ਨੀਤੀ ‘ਤੇ ਨਾਰਾਜ਼ਗੀ ਜਤਾਈ ਹੈ। ਕੇਜਰੀਵਾਲ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਪੱਤਰ ਲਿਖਿਆ ਹੈ। ਇਸ ਵਿੱਚ ਉਹਨਾਂ ਲਿਖਿਆ ਕਿ “ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਨੂੰ ਲੈ ਕੇ ਕਈ ਦਿਨਾਂ ਤੋਂ ਆ ਰਹੀਆਂ ਖਬਰਾਂ ਤੋਂ ਦੁਖੀ ਹਾਂ। ਸਾਨੂੰ ਮਹਾਰਾਸ਼ਟਰ ਵਰਗੀ ਸ਼ਰਾਬ ਨੀਤੀ ਦੀ ਉਮੀਦ ਸੀ, ਪਰ ਤੁਸੀਂ ਅਜਿਹਾ ਨਹੀਂ ਕੀਤਾ।”
ਅੰਨਾ ਨੇ ਅੱਗੇ ਲਿਖਿਆ ਕਿ ਲੋਕ ਸੱਤਾ ਲਈ ਪੈਸੇ ਅਤੇ ਪੈਸੇ ਲਈ ਸੱਤਾ ਦੇ ਚੱਕਰ ਵਿੱਚ ਫਸੇ ਹੋਏ ਹਨ। ਇਹ ਉਸ ਪਾਰਟੀ ਨਾਲ ਮੇਲ ਨਹੀਂ ਖਾਂਦਾ ਜੋ ਕਿਸੇ ਵੱਡੀ ਲਹਿਰ ਵਿੱਚੋਂ ਉਭਰ ਕੇ ਸਾਹਮਣੇ ਆਈ ਹੈ। ਤੁਸੀਂ ਆਪਣੀ ਕਿਤਾਬ ਸਵਰਾਜ ਵਿਚ ਵੱਡੀਆਂ-ਵੱਡੀਆਂ ਗੱਲਾਂ ਲਿਖੀਆਂ ਸਨ, ਪਰ ਇਸ ਦਾ ਤੁਹਾਡੇ ਆਚਰਣ ‘ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਤੁਹਾਡੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮੈਂ ਤੁਹਾਨੂੰ ਚਿੱਠੀ ਲਿਖ ਰਿਹਾ ਹਾਂ।
ਇਸ ਦੇ ਨਾਲ ਹੀ ਅੰਨਾ ਹਜ਼ਾਰੇ ਨੇ ਕਿਹਾ ਕਿ ਤੁਹਾਡੀ ਸਰਕਾਰ ਲੋਕਾਂ ਦਾ ਜੀਵਨ ਬਰਬਾਦ ਕਰ ਰਹੀ ਹੈ। ਸ਼ਰਾਬ ਨੀਤੀ ਔਰਤਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਤੁਹਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਹੈ। ਸਰਕਾਰ ਨੂੰ ਲੋਕ ਹਿੱਤ ਵਿੱਚ ਕੰਮ ਕਰਨ ਲਈ ਮਜ਼ਬੂਰ ਕਰਨ ਲਈ, ਸਮਾਨ ਸੋਚ ਵਾਲੇ ਲੋਕਾਂ ਦਾ ਦਬਾਅ ਸਮੂਹ ਹੋਣਾ ਜ਼ਰੂਰੀ ਸੀ। ਜੇਕਰ ਅਜਿਹਾ ਹੁੰਦਾ ਤਾਂ ਦੇਸ਼ ਦੇ ਹਾਲਾਤ ਕੁਝ ਹੋਰ ਹੁੰਦੇ ਅਤੇ ਗਰੀਬਾਂ ਨੂੰ ਫਾਇਦਾ ਹੁੰਦਾ। ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ।
ਇੱਥੇ ਦੱਸਣਾ ਬਣਦਾ ਹੈ ਕਿ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ‘ਸਵਰਾਜ’ ਨਾਂ ਦੀ ਕਿਤਾਬ ਲਿਖੀ ਸੀ। ਇਸ ਕਿਤਾਬ ਵਿੱਚ ਉਹਨਾਂ ਨੇ ਗ੍ਰਾਮ ਸਭਾ, ਸ਼ਰਾਬ ਨੀਤੀ ਬਾਰੇ ਵੱਡੀਆਂ ਗੱਲਾਂ ਲਿਖੀਆਂ ਸਨ।ਜਿਸ ਦਾ ਜਿਕਰ ਕਰਦਿਆਂ ਅੰਨਾ ਨੇ ਕਿਹਾ ਕਿ ”ਉਦੋਂ ਤੁਹਾਡੇ ਤੋਂ ਬਹੁਤ ਉਮੀਦਾਂ ਸਨ, ਪਰ ਰਾਜਨੀਤੀ ਵਿੱਚ ਆਉਣ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਤੁਸੀਂ ਆਦਰਸ਼ ਵਿਚਾਰਧਾਰਾ ਨੂੰ ਭੁੱਲ ਗਏ ਹੋ। ਉਹਨਾਂ ਅੱਗੇ ਲਿਖਿਆ ਕਿ ”10 ਸਾਲ ਪਹਿਲਾਂ 18 ਸਤੰਬਰ 2012 ਨੂੰ ਦਿੱਲੀ ਵਿੱਚ ਟੀਮ ਅੰਨਾ ਦੇ ਮੈਂਬਰਾਂ ਦੀ ਮੀਟਿੰਗ ਹੋਈ ਸੀ। ਉਸ ਸਮੇਂ ਤੁਸੀਂ ਸਿਆਸੀ ਰਸਤਾ ਅਪਣਾਉਣ ਦੀ ਗੱਲ ਕੀਤੀ ਸੀ ਪਰ ਤੁਸੀਂ ਇਹ ਭੁੱਲ ਗਏ ਸੀ ਕਿ ਸਿਆਸੀ ਪਾਰਟੀ ਬਣਾਉਣਾ ਸਾਡੇ ਅੰਦੋਲਨ ਦਾ ਉਦੇਸ਼ ਨਹੀਂ ਸੀ। ਉਸ ਸਮੇਂ ਟੀਮ ਅੰਨਾ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਵਿਸ਼ਵਾਸ ਸੀ। ਇਸ ਲਈ ਉਸ ਸਮੇਂ ਮੇਰੀ ਸੋਚ ਇਹ ਸੀ ਕਿ ਟੀਮ ਅੰਨਾ ਨੂੰ ਦੇਸ਼ ਭਰ ਵਿਚ ਘੁੰਮ ਕੇ ਲੋਕ ਸਿੱਖਿਆ, ਜਨ ਚੇਤਨਾ ਦਾ ਕੰਮ ਕਰਨਾ ਜ਼ਰੂਰੀ ਸੀ। ਜੇਕਰ ਇਸ ਤਰ੍ਹਾਂ ਜਨ-ਸਿੱਖਿਆ, ਜਨ-ਜਾਗਰੂਕਤਾ ‘ਤੇ ਕੰਮ ਕੀਤਾ ਜਾਂਦਾ ਤਾਂ ਸ਼ਰਾਬਬੰਦੀ ਦੀ ਅਜਿਹੀ ਗਲਤ ਨੀਤੀ ਦੇਸ਼ ‘ਚ ਕਿਤੇ ਵੀ ਨਾ ਬਣੀ ਹੁੰਦੀ।”