ਅੰਦੋਲਨਕਾਰੀਆਂ ਅਤੇ ਰਾਸ਼ਟਰ ਤੋਂ ਮੁਆਫ਼ੀ ਮੰਗਣ ਪ੍ਰਧਾਨਮੰਤਰੀ
ਪ੍ਰਧਾਨ ਮੰਤਰੀ ਦੀ ਇਹ ਸ਼ਬਦਾਵਲੀ ਜਮਹੂਰੀ ਕਦਰਾਂ ਦਾ ਘੋਰ ਅਪਮਾਨ

ਬਠਿੰਡਾ,9 ਫਰਵਰੀ ( ਕੁਲਬੀਰ ਬੀਰਾ ) ਪ੍ਰਧਾਨ ਮੰਤਰੀ ਵੱਲੋਂ ਸੰਘਰਸ਼ਸ਼ੀਲ ਅਤੇ ਅੰਦੋਲਨਕਾਰੀ ਹਲਕਿਆਂ ਉਪਰ ਕਸੇ ਕਟਾਖਸ਼ ਦੀ ਵਿਰੋਧ ਵਿਚ ਅੱਜ ਬਠਿੰਡਾ ਦੀਆਂ ਵੱਖ ਵੱਖ ਮੁਲਾਜ਼ਮ ਅਤੇ ਜਨਤਕ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦੁਨੀਆਂ ਦੇ ਸਭ ਤੋਂ ਵੱਡੇ ਕਹੇ ਜਾਂਦੇ ਲੋਕਤੰਤਰ ਅੰਦਰ ਲੋਕਤੰਤਰ ਦੀ ਸਭ ਤੋਂ ਵੱਡੀ ਪ੍ਰਤੀਨਿਧੀ ਸੰਸਥਾ ਸੰਸਦ ਦੇ ਥੜ੍ਹੇ ਉੱਤੋਂ ਸੰਘਰਸ਼ਸ਼ੀਲ ਲੋਕਾਂ ਨੂੰ “ਅੰਦੋਲਨਜੀਵੀ” ਅਤੇ “ਪਰਜੀਵੀ” ਵਰਗੇ ਕਟਾਖਸ਼ੀ ਵਿਸ਼ੇਸ਼ਣਾਂ ਲਾ ਕੇ ਸੰਬੋਧਤ ਕਰਨਾ ਜਿੱਥੇ ਜਮਹੂਰੀ ਕਦਰਾਂ ਕੀਮਤਾਂ ਅਤੇ ਅੰਦੋਲਨਾਂ ਵਿੱਚ ਘਾਲਣਾ ਘਾਲਣ ਵਾਲੇ ਲੋਕਾਂ ਦਾ ਘੋਰ ਅਪਮਾਨ ਹੈ ਉੱਥੇ ਹਕੂਮਤ ਦੇ ਉਸੇ ਫਾਸ਼ੀ ਹਮਲੇ ਦਾ ਹਿੱਸਾ ਹੈ ਜਿਸ ਤਹਿਤ ਉਸ ਨੇ ਪਹਿਲਾਂ ਹੀ ਬੁੱਧੀਜੀਵੀਆਂ ਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਨੂੰ ਜੇਲ੍ਹੀਂ ਸੁੱਟਿਆ ਹੋਇਆ ਹੈ। ਇਹ ਲੋਕ ਹੱਕਾਂ ਲਈ ਚਲਦੇ ਸੰਘਰਸ਼ਾਂ ‘ਚ ਅਤੇ ਦੇਸ਼ ਦੀ ਅਜ਼ਾਦੀ ਲਈ ਜ਼ਿੰਦਗੀਆਂ ਅਰਪਤ ਕਰਨ ਵਾਲੇ ਸੰਗ੍ਰਾਮੀ ਕਾਰਕੁਨਾਂ ਖ਼ਿਲਾਫ਼ ਲੋਕ ਮਨਾਂ ‘ਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਹੈ। ਇਹ ਕਿਸਾਨ ਸੰਘਰਸ਼ ਨੂੰ ਵੀ ਅਜਿਹੇ ਲੋਕਾਂ ਵੱਲੋਂ ਭਰਮਾਇਆ ਸੰਘਰਸ਼ ਦੱਸਣ ਦੀ ਕੋਸ਼ਿਸ ਹੈ।
ਸੱਚ ਤਾਂ ਇਹ ਹੈ ਕਿ ਦੇਸੀ ਵਿਦੇਸ਼ੀ ਲੁਟੇਰਿਆਂ ਨੂੰ ਮੁਲਕ ਲੁਟਾਉਣ ਦੇ ਰਾਹ ਪਏ ਹਾਕਮਾਂ ਮੂਹਰੇ ਲੋਕਾਂ ਦੇ ਅੰਦੋਲਨ ਹੀ ਰੋਕ ਬਣਦੇ ਆ ਰਹੇ ਹਨ। ਹਰ ਜਬਰ, ਧੱਕੇ ਤੇ ਵਿਤਕਰੇ ਖ਼ਿਲਾਫ਼ ਡਟਣ ਦਾ ਹੋਕਾ ਦੇਣ ਵਾਲੀਆਂ ਇਹ ਅਵਾਜ਼ਾਂ ਦੇਸ਼ ਅੰਦਰ ਰੌਸ਼ਨੀ ਦੀਆਂ ਕਿਰਨਾਂ ਬਣ ਕੇ ਚਮਕ ਰਹੀਆਂ ਹਨ ਤੇ ਹਾਕਮਾਂ ਦੇ ਕੂੜ ਭਰੇ ਮਨਸੂਬਿਆਂ ਚ ਵਿਘਨ ਪਾ ਰਹੀਆਂ ਹਨ।
ਹਰ ਜਿਊਂਦੀ ਜਾਗਦੀ ਆਵਾਜ਼ ਨੂੰ ਮੋਦੀ ਦੇ ਇਸ ਜ਼ਹਿਰੀਲੇ ਬਾਣ ਦਾ ਇਕਜੁੱਟ ਜਵਾਬ ਦੇਣਾ ਚਾਹੀਦਾ ਹੈ ਤੇ ਡਟ ਕੇ ਕਹਿਣਾ ਚਾਹੀਦਾ ਹੈ ਕਿ ਦੇਸ਼ ਦੇ ਲੋਕਾਂ ਦੀ ਖ਼ੁਸ਼ਹਾਲੀ ਦਾ ਇੱਕੋ ਇੱਕ ਰਸਤਾ ਅੰਦੋਲਨਾਂ ਦਾ ਰਸਤਾ ਹੈ ਤੇ ਅਸੀਂ ਜ਼ਿੰਦਗੀ ਦੀ ਬੇਹਤਰੀ ਲਈ ਲੋਕਾਂ ਨੂੰ ਸੰਘਰਸ਼ਸ਼ੀਲ ਬਣਾਉਣ ਵਾਸਤੇ ਯਤਨਸ਼ੀਲ ਹਾਂ। ਕਿਰਤ ਦੀ ਰਾਖੀ ਲਈ ਅੰਦੋਲਨ ਲਾਜ਼ਮੀ ਹੈ ਤੇ ਇਉਂ ਸਾਡੇ ਜਿਊਂਦੇ ਰਹਿਣ ਲਈ ਵੀ। ਅਸੀਂ ਅੰਦੋਲਨਕਾਰੀ ਹਾਂ ਤੇ ਅੰਦੋਲਨ ਕਰਨ ਦੇ ਜਮਹੂਰੀ ਹੱਕ ਨੂੰ ਬੁਲੰਦ ਕਰਦੇ ਹਾਂ।
ਇਸ ਪ੍ਰੋਗਰਾਮ ਵਿੱਚ ਇਹ ਵੀ ਮੰਗ ਪੂਰੇ ਜ਼ੋਰ ਨਾਲ ਉੱਭਰੀ ਕਿ ਪ੍ਰਧਾਨ ਮੰਤਰੀ ਆਪਣੀ ਇਸ ਅਤੀ ਨਿੰਦਣਯੋਗ ਬਿਆਨਬਾਜ਼ੀ ਲਈ ਸੰਘਰਸ਼ੀਲ ਲੋਕਾਂ ਅਤੇ ਸਮੁੱਚੇ ਰਾਸ਼ਟਰ ਤੋਂ ਮੁਆਫ਼ੀ ਮੰਗਣ।
ਅੱਜ ਦੇ ਇਸ ਅਰਥੀ ਫੂਕ ਮੁਜ਼ਾਹਰੇ ਵਿਚ ਡੈਮੋਕਰੈਟਿਕ ਟੀਚਰ ਫਰੰਟ, ਟੈਕਨੀਕਲ ਸਰਵਸਿਜ਼ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਨੌਜਵਾਨ ਭਾਰਤ ਸਭਾ, ਐੱਸ.ਐੱਸ.ਏ./ ਰਮਸਾ ਅਧਿਆਪਕ ਯੂਨੀਅਨ, ਫਿਜ਼ੀਕਲ ਅਧਿਆਪਕ ਯੂਨੀਅਨ, ਸਰਕਾਰੀ ਸਪੋਰਟਸ ਸਕੂਲ ਘੁੱਦਾ ਸਟਾਫ ਯੂਨੀਅਨ, ਮਗਨਰੇਗਾ ਕਰਮਚਾਰੀ ਯੂਨੀਅਨ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਕਰਮਚਾਰੀ ਯੂਨੀਅਨ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੌਮ ਜ਼ੋਨ ਬਠਿੰਡਾ ਆਦਿ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।






















