ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵਿਰੁੱਧ ਕਾਰਵਾਈ ਸ਼ੁਰੂ
ਪੁਲਿਸ ਨੇ ਇੱਕ ਸਾਥੀ ਨੂੰ ਇੰਗਲੈਂਡ ਜਾਣ ਤੋਂ ਰੋਕਿਆ
ਚੰਡੀਗੜ੍ਹ, 9ਮਾਰਚ(ਵਿਸ਼ਵ ਵਾਰਤਾ)- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਵਿਰੁੱਧ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਪਾਲ ਦੇ ਇੱਕ ਸਾਥੀ ਗੁਰਿੰਦਰਪਾਲ ਸਿੰਘ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਇੰਗਲੈਂਡ ਜਾਣ ਤੋਂ ਰੋਕਿਆ ਗਿਆ ਹੈ। ਉਹ ਅੰਮ੍ਰਿਤਪਾਲ ਸਿੰਘ ਦਾ ਸੋਸ਼ਲ ਮੀਡੀਆ ਹੈਂਡਲ ਕਰਦਾ ਸੀ। ਉਸ ਨੂੰ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਪਾਲ ਸਿੰਘ ਦੇ ਉਨ੍ਹਾਂ 10 ਸਾਥੀਆਂ ਦੀ ਸ਼ਨਾਖਤ ਹੋ ਗਈ ਹੈ, ਜੋ 24 ਘੰਟੇ ਉਸ ਨਾਲ ਹਥਿਆਰਾਂ ਨਾਲ ਲੈਸ ਰਹਿੰਦੇ ਹਨ। ਉਨ੍ਹਾਂ ਦੇ ਲਾਇਸੈਂਸਾਂ ‘ਤੇ ਕਈ ਹਥਿਆਰ ਦਰਜ ਹਨ। ਪੁਲਿਸ ਨੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਹਥਿਆਰਾਂ ਦੇ ਵੇਰਵੇ ਮੰਗੇ ਸਨ। ਦੱਸ ਦੇਈਏ ਕਿ ਗੁਰਿੰਦਰਪਾਲ ਨੇ ਬੀਤੇ ਦਿਨੀਂ ਹਥਿਆਰਾਂ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅੱਪਲੋਡ ਕੀਤੀਆਂ ਸਨ , ਜਿਸ ਤੋਂ ਬਾਅਦ ਜਲੰਧਰ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।