• ਸੱਤ ਰੋਜ਼ਾ ਮੇਲੇ ਨੇ ਸੂਬੇ ਵਿੱਚ ਸਾਹਿਤਕ, ਸੱਭਿਆਚਾਰਕ ਤੇ ਵਿਰਾਸਤੀ ਲਹਿਰ ਖੜਾ ਕਰਨ ਦੀ ਕੀਤੀ ਸ਼ੁਰੂਆਤ: ਡਾ.ਸੁਰਜੀਤ ਪਾਤਰ
• ਪੰਜਾਬ ਕਲਾ ਪ੍ਰੀਸ਼ਦ ਦੀਆਂ ਤਿੰਨੋਂ ਅਕਾਦਮੀਆਂ, ਕਲਾਕਾਰਾਂ ਤੇ ਦਰਸ਼ਕਾਂ ਦਾ ਸ਼ਮੂਲੀਅਤ ਲਈ ਕੀਤਾ ਧੰਨਵਾਦ
• ਗੁਰਮੀਤ ਬਾਵਾ ਦੀ ਉਚੀ ਹੇਕ ਅਤੇ ਲਾਚੀ ਤੇ ਗਲੋਰੀ ਦੇ ਮਿੱਟੀ ਦੇ ਬਾਵੇ ਨਾਲ ਸਿਖਰ ‘ਤੇ ਪਹੁੰਚਿਆ ਰੰਧਾਵਾ ਉਤਸਵ
• ਸਮਾਪਤੀ ਭਾਸ਼ਣ ‘ਚ ਗੁਲਜ਼ਾਰ ਸੰਧੂ ਦੀ ਪਾਈ ਲੋਕ ਬੋਲੀ ਨੇ ਟੁੰਬਿਆ ਸਭ ਦਾ ਦਿਲ
• ਬਜ਼ੁਰਗਾਂ ਵੱਲੋਂ ਪੇਸ਼ ਕੀਤੇ ਪੁਆਧੀ ਜਲਸੇ ਨੇ ਵੀ ਬੰਨਿਆ ਰੰਗ
ਚੰਡੀਗੜ, 9 ਫਰਵਰੀ (ਵਿਸ਼ਵ ਵਾਰਤਾ)- ਪੰਜਾਬ ਕਲਾ ਪ੍ਰੀਸ਼ਦ ਵੱਲੋਂ ਕਰਵਾਇਆ ਸੱਤ ਰੋਜ਼ਾ ਡਾ. ਮਹਿੰਦਰ ਸਿੰਘ ਰੰਧਾਵਾ ਕਲਾ ਤੇ ਸਾਹਿਤ ਉਤਸਵ ਸਾਹਿਤ, ਕਲਾ, ਸੱਭਿਆਚਾਰ ਤੇ ਵਿਰਾਸਤੀ ਪੁਨਰ ਜਾਗ੍ਰਿਤੀ ਦੇ ਸੱਦੇ ਨਾਲ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਬੀਤੀ ਦੇਰ ਸ਼ਾਮ ਸੰਪੰਨ ਹੋਏ ਉਤਸਵ ਦੀ ਸਮਾਪਤੀ ‘ਤੇ ਪ੍ਰਸਿੱਧ ਲੋਕ ਗਾਇਕਾ ਗੁਰਮੀਤ ਬਾਵਾ ਅਤੇ ਉਸ ਦੀਆਂ ਧੀਆਂ ਲਾਚੀ ਤੇ ਗਲੋਰੀ ਵੱਲੋਂ ਪੇਸ਼ ਕੀਤਾ ਲੋਕ ਗਾਇਕੀ ਦਾ ਰੰਗ ਪ੍ਰੋਗਰਾਮ ਦਾ ਸਿਖਰ ਹੋ ਨਿਬੜਿਆ। ਗੁਰਮੀਤ ਬਾਵਾ ਵੱਲੋਂ 30 ਸਕਿੰਟਾਂ ਤੋਂ ਉਮਰ ਸਮੇਂ ਦੀ ਲਗਾਈ ਉਚੀ ਹੇਕ ਨਾਲ ਪੇਸ਼ ਕੀਤੀ ‘ਜੁਗਨੀ’ ਅਤੇ ਲਾਚੀ ਤੇ ਗਲੋਰੀ ਵੱਲੋਂ ਪੇਸ਼ ਕੀਤੇ ‘ਮਿੱਟੀ ਦਾ ਬਾਵਾ’ ਨਾਲ ਰੰਧਾਵਾ ਆਡੀਟੋਰੀਅਮ ਝੂਮ ਉਠਿਆ।
ਸੱਤ ਰੋਜ਼ਾ ਰੰਧਾਵਾ ਕਲਾ ਤੇ ਸਾਹਿਤ ਉਤਸਵ ਦੀ ਸਮਾਪਤੀ ‘ਤੇ ਬੋਲਦਿਆਂ ਉਘੇ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ 40 ਵਰੇ ਪਹਿਲਾਂ ਉਨਾਂ ਗੁਰਮੀਤ ਬਾਵਾ ਨੂੰ ਸੁਣਿਆ ਸੀ ਅਤੇ ਅੱਜ ਵੀ ਉਸ ਦੀ ਆਵਾਜ਼ ਦਾ ਜਾਦੂ ਕਾਇਮ ਹੈ। ਉਨਾਂ ਮੇਲੇ ਦੇ ਸਫਲ ਪ੍ਰਬੰਧਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਤਸਵ ਨਿਰੰਤਰ ਮਨਾਉਂਦੇ ਰਹਿਣੇ ਚਾਹੀਦੇ ਹਨ। ਉਤਸਵ ਦੇ ਸੱਤੇ ਦਿਨ ਹਾਜ਼ਰੀ ਭਰਨ ਵਾਲੇ ਗੁਲਜ਼ਾਰ ਸਿੰਘ ਸੰਧੂ ਨੇ ਸਮਾਪਤੀ ‘ਤੇ ਲੋਕ ਬੋਲੀ ‘ਅੱਧੀ ਮੰਜੀ ਛੱਡ ਮਿੱਤਰਾਂ, ਮੇਰਾ ਨਰਮ ਕਾਲਜਾ ਧੜਕੇ’ ਪਾਈ ਜਿਸ ਦਾ ਸਭ ਨੇ ਦਿਲ ਟੁੰਬਿਆ।
ਇਸ ਤੋਂ ਪਹਿਲਾਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੱਤ ਰੋਜ਼ਾ ਮੇਲਾ ਪੰਜਾਬ ਵਿੱਚ ਸੱਭਿਆਚਾਰਕ, ਸਾਹਿਤਕ ਤੇ ਵਿਰਾਸਤੀ ਲਹਿਰ ਦੀ ਸ਼ੁਰੂਆਤ ਹੈ। ਉਨਾਂ ਕਿਹਾ ਕਿ ਪੰਜਾਬ ਦੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਜੋ ਸੁਫਨਾ ਲਿਆ ਹੈ ਉਸ ਨੂੰ ਪੂਰਾ ਕਰਨ ਲਈ ਅਜਿਹੇ ਮੇਲੇ ਹੁਣ ਪੰਜਾਬ ਦੇ ਪਿੰਡ-ਪਿੰਡ ਲਗਾਏ ਜਾਣਗੇ। ਡਾ.ਪਾਤਰ ਨੇ ਜੈਪੁਰ ਲਿਟਰੇਚਰ ਫੈਸਟੀਵਲ, ਕੰਲੋਬੀਆ ਕਾਵਿ ਸੰਮੇਲਨ ਦੀਆਂ ਉਦਾਹਰਨਾਂ ਪੇਸ਼ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਹੁਣ ਸਾਹਿਤਕ ਮੇਲਿਆਂ ਲਈ ਵੀ ਲੋਕ ਜੁੜਨ ਲੱਗੇ ਹਨ। ਉਨਾਂ ਐਲਾਨ ਕੀਤਾ ਕਿ 21 ਫਰਵਰੀ ਨੂੰ ਕੌਮਾਂਤਰੀ ਮਾਂ-ਬੋਲੀ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ ਜਿਸ ਵਿੱਚ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਕਰਵਾਏ ਜਾਣਗੇ। ਅੰਤ ਵਿੱਚ ਉਨਾਂ ਕਲਾ ਪ੍ਰੀਸ਼ਦ ਨਾਲ ਜੁੜੇ ਸਮੂਹ ਮੈਂਬਰਾਂ, ਤਿੰਨੋਂ ਅਕਾਦਮੀਆਂ, ਕਲਾਕਾਰਾਂ ਤੇ ਦਰਸ਼ਕਾਂ ਦਾ ਭਰਵੀ ਸ਼ਮੂਲੀਅਤ ਲਈ ਧੰਨਵਾਦ ਵੀ ਕੀਤਾ।
ਉਤਸਵ ਦੀ ਸਮਾਪਤੀ ਦੀ ਸ਼ਾਮ ਗੁਰਮੀਤ ਬਾਵਾ ਅਤੇ ਉਸ ਦੀਆਂ ਧੀਆਂ ਲਾਚੀ ਤੇ ਗਲੋਰੀ ਨੇ ਖੂਬ ਰੰਗ ਬੰਨਿਆ। ਸੈਫਉੱਲ ਮਲੂਕ ਤੋਂ ਪ੍ਰੋਗਰਾਮ ਦੀ ਸੁਰੂਆਤ ਕਰ ਕੇ ਸ਼ਗਨਾਂ ਦੇ ਗੀਤ ਗਾਏ ਅਤੇ ਫੇਰ ‘ਜੁਗਨੀ’, ‘ਮਿੱਟੀ ਦਾ ਬਾਵਾ’ ਗਾਇਆ। ਬੋਲੀਆਂ ‘ਤੇ ਪੂਰਾ ਰੰਧਾਵਾ ਆਡੀਟੋਰੀਅਮ ਨੱਚ ਉੱਠਿਆ ਅਤੇ ਅੰਤ ਵਿੱਚ ਦਰਸ਼ਕਾਂ ਦੀ ਮੰਗ ‘ਤੇ ਬਾਵਾ ਮਾਵਾਂ ਧੀਆਂ ਨੇ ਬੁਲੰਦ ਆਵਾਜ਼ ਵਿੱਚ ‘ਮਿਰਜ਼ਾ’ ਗਾਇਆ। ਗੁਲਜ਼ਾਰ ਸਿੰਘ ਸੰਧੂ ਤੇ ਡਾ.ਪਾਤਰ ਨੇ ਗੁਰਮੀਤ ਬਾਵਾ ਤੇ ਉਸ ਦੇ ਪਤੀ ਕਿਰਪਾਲ ਬਾਵਾ ਅਤੇ ਲਾਚੀ ਤੇ ਗਲੋਰੀ ਨੂੰ ਫੁਲਕਾਰੀ ਨਾਲ ਸਨਮਾਨਤ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ.ਨਿਰਮਲ ਜੌੜਾ ਤੇ ਦੀਪਕ ਸ਼ਰਮਾ ਚਨਰਾਥਲ ਨੇ ਕੀਤਾ।
ਇਸ ਤੋਂ ਪਹਿਲਾਂ ਕਲਾ ਭਵਨ ਦੇ ਵਿਹੜੇ ਵਿੱਚ ਬਜ਼ੁਰਗਾਂ ਦੇ ਪੁਆਧੀ ਜਲਸੇ ਨੇ ਖੂਬ ਰੰਗ ਬੰਨਿ•ਆ। ਪੁਆਧ ਦੀ ਇਸ ਰਵਾਇਤ ਨੂੰ ਦੇਖਣ ਲਈ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਵਿੱਚ ਵੱਡੀ ਉਤਸੁਕਤਾ ਦੇਖਣ ਨੂੰ ਮਿਲੀ। ਮੇਲੇ ਦੇ ਆਖਰੀ ਦਿਨ ਕਲਾ ਪ੍ਰੀਸ਼ਦ ਦੇ ਉਪ ਚੇਅਰਪਰਸਨ ਡਾ.ਨੀਲਮ ਮਾਨ ਸਿੰਘ ਚੌਧਰੀ, ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ.ਸਰਬਜੀਤ ਕੌਰ ਸੋਹਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸਕੱਤਰ ਪ੍ਰੀਤਮ ਰੁਪਾਲ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮੰਨਾ, ਸਾਹਿਤਕਾਰ ਡਾ.ਸੁਰਿੰਦਰ ਗਿੱਲ, ਹਰਦਿਆਲ ਸਿੰਘ ਧੂਹੀ, ਭੋਲਾ ਕਲੈਹਿਰੀ ਵੀ ਹਾਜ਼ਰ ਸਨ।
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਕਿਹਾ ਕਿ ਅਸਲੀ ਬੰਦੀ ਸਿੰਘ ਉਹ ਜਿਹਨਾਂ ਨੇ ਆਪਣੀ...