ਨਵੀਂ ਦਿੱਲੀ, 25 ਨਵੰਬਰ (ਵਿਸ਼ਵ ਵਾਰਤਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਦਿਆਲ ਸਿੰਘ ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਆਪਣੇ ਅਖੌਤੀ ਰਾਸ਼ਟਰਵਾਦ ਦੇ ਨਾਅਰਿਆਂ ਨਾਲ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਸਾਬਤ ਕਰਨ ‘ਤੇ ਤੁਲੇ ਹੋਏ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਦੂਰਅੰਦੇਸ਼ੀ ਸੋਚ ਦੇ ਮਾਲਕ ਰਾਸ਼ਟਰੀ ਨੇਤਾ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਖਤਮ ਕਰਨ ਦਾ ਵਿਰੋਧ ਕਰ ਰਹੇ ਹਾਂ ਜਦਕਿ ਅਮਿਤਾਭ ਸਿਨਹਾ ਇਸਨੂੰ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਖਾਸ ਤੌਰ ‘ਤੇ ਮੈਂ ਕਦੇ ਵੀ ਵੰਦੇ ਮਾਤਰਮ ਦਾ ਵਿਰੋਧ ਨਹੀਂ ਕੀਤਾ ਪਰ ਅਸੀਂ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਅਸਲ ਮੁੱਦ ਵੰਦੇ ਮਾਤਰਮ ਨਹੀਂ ਬਲਕਿ ਮੁੱਦਾ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦਾ ਹੈ ਤੇ ਉਹਨਾਂ ਦਾ ਨਾਮ ਤੇ ਵਿਰਾਸਤ ਮਿਟਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਉਹਨਾਂ ਨੇ ਗਵਰਨਿੰਗ ਬਾਡੀ ਖਾਸ ਤੌਰ ‘ਤੇ ਸ੍ਰੀ ਸਿਨਹਾ ਨੂੰ ਚੇਤੇ ਕਰਵਾਇਆ ਕਿ ਜਦੋਂ ਦਿਆਲ ਸਿੰਘ ਮਜੀਠੀਆ ਨੇ ਅਜਿਹੀਆਂ ਮਹਾਨ ਸੰਸਥਾਵਾਂ ਦੀ ਸਥਾਪਨਾ ਵਾਸਤੇ ਆਪਣੀ ਧਨ ਦੌਲਤ ਦਾਨ ਕੀਤੀ ਸੀ ਤਾਂ ਕਿਸੇ ਇਕ ਫਿਰਕੇ ਵਾਸਤੇ ਦਾਨ ਨਹੀਂ ਕੀਤੀ ਸੀ ਬਲਕਿ ਰਾਸ਼ਟਰ ਨਿਰਮਾਣ ਵਾਸਤੇ ਦਿੱਤੀ ਸੀ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਨਾਮ ਬਦਲਣ ਦੇ ਮਾਮਲੇ ‘ਤੇ ਆਪਣੀਆਂ ਦਲੀਲਾਂ ਗਲਤ ਹੋਣ ਦਾ ਅਹਿਸਾਸ ਹੋਣ ‘ਤੇ ਸ੍ਰੀ ਸਿਨਹਾ ਨੇ ਹੁਣ ਵੰਦੇ ਮਾਤਰਮ ਦਾ ਮੁੱਦਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸ੍ਰੀ ਸਿਨਹਾ ਦਾ ਅਖੌਤੀ ਰਾਸ਼ਟਰਵਾਦ ਹੈ ਜਿਸ ਕਾਰਨ ਉਹਨਾਂ ਹੰਕਾਰ ਭਰਿਆ ਸਟੈਂਡ ਲਿਆ ਹੈ ਤੇ ਉਹ ਮਾਮਲੇ ਵਿਚ ਗੰਭੀਰਤਾ ਨਹੀਂ ਸਮਝ ਰਹੇ ਜਦੋਂ ਸਾਰੇ ਅਮਨ ਪਸੰਦ ਰਾਸ਼ਟਰਵਾਦੀ ਲੋਕ ਇਕ ਰਾਸ਼ਟਰੀ ਆਗੂ ਦਾ ਨਾਮ ਮਿਟਾਉਣ ਦੇ ਯਤਨਾਂ ਤੋਂ ਦੁਖੀ ਹਨ ਕਿਉਂਕਿ ਇਸ ਆਗੂ ਨੇ ਰਾਸ਼ਟਰ ਨਿਰਮਾਣ ਵਾਸਤੇ ਵੱਡਾ ਯੋਗਦਾਨ ਦਿੱਤਾ ਤੇ ਭਵਿੱਖ ਦੀਆਂ ਪੀੜੀਆਂ ਦੀ ਸਿੱਖਿਆ ਵਾਸਤੇ ਅਨੇਕਾਂ ਸਕੂਲ ਤੇ ਕਾਲਜ ਬਣਵਾਏ।
ਸ੍ਰੀ ਸਿਰਸਾ ਨੇ ਕਿਹਾ ਕਿ ਅਸੀਂ ਇਹ ਨਾਮ ਤਬਦੀਲ ਨਹੀਂ ਹੋਣ ਦਿਆਂਗੇ ਕਿਉਂਕਿ ਇਸ ਨਾਲ ਭਵਿੱਖ ਵਿਚ ਹੋ ਰਾਸ਼ਟਰੀ ਆਗੂਆਂ ਦੇ ਨਾਮ ‘ਤੇ ਚਲ ਰਹੀਆਂ ਸੰਸਥਾਵਾਂ ਦੇ ਨਾਮ ਬਦਲਣ ਦੀ ਗਲਤ ਪਿਰਤ ਪੈ ਜਾਵੇਗੀ। ਉਹਨਾਂ ਕਿਹਾ ਕਿ ਇਥੇ ਸਵਾਲ ਸਿੱਖ ਜਾਂ ਕਿਸੇ ਹੋਰ ਧਰਮ ਦਾ ਨਹੀਂ ਹੈ ਬਲਕਿ ਅਸਲ ਮੁੱਦਾ ਇਹ ਹੈ ਕਿ ਰਾਸ਼ਟਰਵਾਦ ਦੇ ਨਾਮ ‘ਤੇ ਦੇਸ਼ ਦੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੇ ਨਾਮ ਖਤਮ ਕਰਨ ਦੇ ਯਤਨ ਹੋ ਰਹੇ ਹਨ।
ਉਹਨਾਂ ਨੇ ਸ੍ਰੀ ਸਿਨਹਾ ਨੂੰ ਇਹ ਚੇਤੇ ਕਰਵਾਇਆ ਕਿ ਵਿਅਕਤੀਗਤ ਤੌਰ ‘ਤੇ ਜਾਂ ਪਰਿਵਾਰਕ ਤੌਰ ‘ਤੇ ਉਹਨਾਂ ਦਾ ਰਾਸ਼ਟਰ ਨਿਰਮਾਣ ਪ੍ਰਤੀ ਕੋਈ ਯੋਗਦਾਨ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਇਹ ਮਾਮਲਾ ਰਾਸ਼ਟਰੀ ਪੱਧਰ ‘ਤੇ ਉਠ ਗਿਆ ਹੈ ਤੇ ਬੁੱਧੀਜੀਵੀ ਵਰਗ ਤੇ ਹਰ ਸਹੀ ਸੋਚ ਵਾਲੇ ਵਿਅਕਤੀ ਵੱਲੋਂ ਦਿਆਲ ਸੰਘ ਮਜੀਠੀਆ ਦੇ ਨਾਮ ਨੂੰ ਖਤਮ ਕਰਨ ਦਾ ਵਿਰੋਧ ਹੋ ਰਿਹਾ ਹੈ ਤਾਂ ਸ੍ਰੀ ਸਿਨਹਾ ਦੀ ਘਟੀਆ ਚਾਲਬਾਜ਼ੀ ਵੀ ਉਜਾਗਰ ਹੋ ਗਈ ਹੈ ਤਾਂ ਉਹਨਾਂ ਨੇ ਵੰਦੇ ਮਾਤਰਮ ਦੇ ਨਾਮ ਦਾ ਮੁੱਦਾ ਬਣਾ ਕੇ ਲੋਕਾਂ ਦਾ ਧਿਆਨ ਹੋਰ ਪਾਸੇ ਕਰਨ ਦੇ ਯਤਨ ਆਰੰਭ ਦਿੱਤੇ ਹਨ।
ਸ੍ਰੀ ਸਿਰਸਾ ਨੇ ਸ੍ਰੀ ਸਿਨਹਾ ਨੂੰ ਸਲਾਹ ਦਿੱਤੀ ਕਿ ਜੀਵਨ ਵਿਚ ਰਾਜਨੀਤੀ ਵਿਚ ਉਠਣ ਵਾਸਤੇ ਹਮੇਸ਼ਾ ਸਖਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਨੂੰ ਅਜਿਹੇ ਸ਼ਬਦ ‘ਤੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੋ ਸਾਰੇ ਦੇਸ਼ ਦਾ ਹੈ। ਉਹਨਾਂ ਕਿਹਾ ਕਿ ਵੰਦੇ ਮਾਤਰਮ ਦੇਸ਼ ਦੇ ਹਰ ਨਾਗਰਿਕ ਦਾ ਹੈ ਤੇ ਉਹਨਾਂ ਨੂੰ ਵਿਅਕਤੀਗਤ ਲਾਭਾਂ ਵਾਸਤੇ ਇਸਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਦਿਆਲ ਸਿੰਘ ਕਾਲਜ ਟਰੱਸਟ ਸੁਸਾਇਟੀ ਦੀ ਜਾਇਦਾਦ ਹੜੱਪਣ ਦੀ ਉਹਨਾਂ ਦੇ ਮਨਸੂਬੇ ਦਾ ਪਾਜ਼ ਖੁਲ ਗਿਆ ਹੈ ਤੇ ਹੁਣ ਉਹਨਾਂ ਨੂੰ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਅਜਿਹੇ ਵਿਅਕਤੀਗਤ ਦਾ ਨਾਮ ਮਿਟਾਉਣ ਦਾ ਯਤਨ ਕੀਤਾ ਜਿਸਨੇ ਦੇਸ਼ ਵਾਸਤੇ ਆਪਣਾ ਸਭ ਕੁਝ ਦਾਨ ਕਰ ਦਿੱਤਾ।