ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਕੈਂਪਸ ਵਿੱਚ ਗੋਲੀਬਾਰੀ, 3 ਦੀ ਮੌਤ, 5 ਜ਼ਖ਼ਮੀ
ਚੰਡੀਗੜ੍ਹ 14 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਅਮਰੀਕਾ ਵਿੱਚ ਜਨਤਕ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਇੱਥੋਂ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਕੈਂਪਸ ਵਿੱਚ ਦੇਰ ਰਾਤ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ,ਜਦਕਿ 5 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮਿਸ਼ੀਗਨ ਸਟੇਟ ਯੂਨੀਵਰਸਿਟੀ ਵਿਚ ਬੀਤੀ ਰਾਤਇਕ ਬੰਦੂਕਧਾਰੀ ਨੇ ਗੋਲੀਬਾਰੀ ਕਰ ਦਿੱਤੀ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲੀਸ ਅਨੁਸਾਰ ਸ਼ੱਕੀ ਮੁਲਜ਼ਮ ਅਜੇ ਫਰਾਰ ਹੈ, ਪਰ ਮੀਡੀਆ ਰਿਪੋਰਟਾਂ ਅਨੁਸਾਰ ਕੈਂਪਸ ਤੋਂ ਬਾਹਰ ਜਾ ਕੇ ਉਸਨੇ ਖੁਦ ਦੀ ਜਾਨ ਲੈ ਲਈ। ਇਸ ਦੌਰਾਨ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਕਿਹਾ ਹੈ ਅਤੇ ਸਾਵਧਾਨੀ ਦੇ ਤੌਰ ‘ਤੇ ਕੈਂਪਸ ਦੇ ਬਾਹਰ 30 ਫਾਇਰ ਟਰੱਕ, ਐਂਬੂਲੈਂਸ ਅਤੇ ਐਮਰਜੈਂਸੀ ਵਾਹਨ ਤਾਇਨਾਤ ਕੀਤੇ ਗਏ ਹਨ।
ਰਿਪੋਰਟਾਂ ਮੁਤਾਬਕ ਕੈਂਪਸ ਦੀਆਂ ਕਈ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਪੁਲਿਸ ਨੇ ਸ਼ੱਕੀ ਦਾ ਸਕੈਚ ਜਾਰੀ ਕਰਕੇ ਦੱਸਿਆ ਹੈ ਕਿ ਉਸ ਦਾ ਕੱਦ ਛੋਟਾ ਹੈ। ਉਸ ਨੇ ਆਪਣਾ ਚਿਹਰਾ ਮਾਸਕ ਨਾਲ ਢੱਕ ਲਿਆ ਹੈ। ਜ਼ਖਮੀਆਂ ਨੂੰ ਨੇੜਲੇ ਸਪੈਰੋ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਕੈਂਪਸ ਦੀਆਂ ਸਾਰੀਆਂ ਗਤੀਵਿਧੀਆਂ 48 ਘੰਟਿਆਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ।