ਅਮਨ ਅਰੋੜਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨੂੰ ਮੰਤਰ, ‘ਸਫ਼ਲਤਾ ਲਈ ਹੌਸਲੇ ਬੁਲੰਦ ਰੱਖੋ’
• ਰੋਜ਼ਗਾਰ ਉਤਪਤੀ ਮੰਤਰੀ ਵੱਲੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 85% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 14 ਕੈਡਿਟਾਂ ਦਾ “ਅਕੈਡਮਿਕ ਟਾਰਚ” ਨਾਲ ਸਨਮਾਨ
• ਕੈਂਪਸ ਦਾ ਦੌਰਾ ਕਰਕੇ ਬੁਨਿਆਦੀ ਢਾਂਚੇ ਅਤੇ ਕੈਡਿਟਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਕੀਤੀ ਸਮੀਖਿਆ
ਚੰਡੀਗੜ੍ਹ, 20 ਜੁਲਾਈ (ਵਿਸ਼ਵ ਵਾਰਤਾ):- ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.), ਐਸ.ਏ.ਐਸ.ਨਗਰ (ਮੋਹਾਲੀ) ਦੇ 12ਵੇਂ ਬੈਚ ਦੇ 14 ਕੈਡਿਟਾਂ ਦਾ 12ਵੀਂ ਜਮਾਤ ਦੀ ਛਿਮਾਹੀ ਪ੍ਰੀਖਿਆ ਵਿੱਚ 85% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ‘ਤੇ “ਅਕੈਡਮਿਕ ਟਾਰਚ” ਨਾਲ ਸਨਮਾਨ ਕੀਤਾ। ਇਹ ਪਹਿਲ ਕੈਡਿਟਾਂ ਦੇ ਅੰਤਿਮ ਪ੍ਰੀਖਿਆਵਾਂ ਵਾਸਤੇ ਮਨੋਬਲ ਨੂੰ ਵਧਾਉਣ ਲਈ ਕੀਤੀ ਗਈ।
ਸ੍ਰੀ ਅਮਨ ਅਰੋੜਾ ਨੇ ਕੈਡਿਟਾਂ ਨਾਲ ਗੱਲਬਾਤ ਦੌਰਾਨ ਕੈਡਿਟਾਂ ਦੀ ਹੌਂਸਲਾਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ, “ਤੁਸੀਂ ਸਾਰੇ ਆਰਮਡ ਫੋਰਸਿਜ਼ ਵਿਚ ਅਫ਼ਸਰ ਬਣਨ ਦਾ ਸੁਪਨਾ ਲੈ ਕੇ ਸਖ਼ਤ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਹੋਂ। ਰੱਖਿਆ ਸੇਵਾਵਾਂ ਸਾਹਸ ਭਰਪੂਰ ਅਤੇ ਸ਼ਾਨਦਾਰ ਖੇਤਰ ਹੈ। ਬੱਸ ਸਖ਼ਤ ਮਿਹਨਤ ਕਰਦੇ ਰਹੋ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਦੇ ਵੀ ਹਿੰਮਤ ਨਾ ਛੱਡੋ।”
ਕੈਬਨਿਟ ਮੰਤਰੀ ਨੇ ਰੋਜ਼ਗਾਰ ਉਤਪਤੀ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਨਾਲ ਇੰਸਟੀਚਿਊਟ ਦਾ ਦੌਰਾ ਕੀਤਾ ਅਤੇ ਇੱਥੇ ਕੈਡਿਟਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦਾ ਜਾਇਜ਼ਾ ਲਿਆ। ਇਸ ਦੌਰਾਨ ਉਹਨਾਂ ਨੇ ਸ਼ੂਟਿੰਗ ਰੇਂਜ, ਸਵੀਮਿੰਗ ਪੂਲ, ਟੈਨਿਸ ਕੋਰਟ ਅਤੇ ਹੋਰ ਖੇਡ ਮੈਦਾਨਾਂ ਸਮੇਤ ਬੁਨਿਆਦੀ ਢਾਂਚਾ ਸਹੂਲਤਾਂ ਦਾ ਮੁਆਇਨਾ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿੱਥੇ ਵੀ ਲੋੜ ਹੋਵੇ, ਉੱਥੇ ਕੰਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ.ਚੌਹਾਨ (ਸੇਵਾਮੁਕਤ) ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਇਸ ਸੰਸਥਾ ਦੇ ਕੁੱਲ 217 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਸਰਵਿਸ ਅਕੈਡਮੀਆਂ ਵਿੱਚ ਭਰਤੀ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 141 ਕੈਡਿਟ ਡਿਫੈਂਸ ਸਰਵਿਸਿਜ਼ (ਫ਼ੌਜ-109, ਜਲ ਸੈਨਾ-13 ਅਤੇ ਹਵਾਈ ਸੈਨਾ-19) ਵਿੱਚ ਕਮਿਸ਼ਨਡ ਅਫ਼ਸਰ ਵਜੋਂ ਨਿਯੁਕਤ ਹੋਏ ਹਨ। 52 ਫ਼ੀਸਦ ਦੀ ਚੋਣ ਦਰ ਨਾਲ, ਇਹ ਸੰਸਥਾ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਸਭ ਤੋਂ ਸਫ਼ਲ ਸੰਸਥਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ 38 ਕੈਡਿਟਾਂ ਨੇ ਐਨ.ਡੀ.ਏ.-1, ਸੀ.ਡੀ.ਐਸ. ਅਤੇ ਏ.ਐਫ.ਸੀ.ਏ.ਟੀ. ਦੀਆਂ ਵੱਖ-ਵੱਖ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਇਹ ਕੈਡਿਟ ਮੌਜੂਦਾ ਸਮੇਂ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਅਧੀਨ ਹਨ। ਹੁਣ ਤੱਕ 07 ਕੈਡਿਟਾਂ ਨੇ ਐਸ.ਐਸ.ਬੀ. ਕਲੀਅਰ ਕੀਤਾ ਹੈ ਜਦੋਂ ਕਿ ਬਾਕੀ ਕੈਡਿਟ ਐਸ.ਐਸ.ਬੀ. ਤੋਂ ਕਾਲ ਦੀ ਉਡੀਕ ਕਰ ਰਹੇ ਹਨ।