ਅਨਿਲ ਜੋਸ਼ੀ ਨੇ ਬਟਾਲਾ ਵਿਖੇ ਕੀਤੀ ਪ੍ਰੈਸ ਕਾਨਫਰੰਸ
ਭਾਜਪਾ ਨੇ ਅੱਜ ਹੀ ਪਾਰਟੀ ਤੋਂ ਕੀਤਾ ਹੈ ਬਾਹਰ
ਪਾਰਟੀ ਦੇ ਖ਼ਿਲਾਫ਼ ਜੰਮ ਕੇ ਬੋਲੇ ਅਨਿਲ ਜੋਸ਼ੀ
ਕਿਹਾ ਮੈਨੂੰ ਪਾਰਟੀ ਚੋਂ ਕੱਢਿਆ, ਲੋਕਾਂ ਦੇ ਦਿਲਾਂ ਚੋਂ ਨਹੀਂ ਕੱਢ ਸਕਦੇ
ਚੰਡੀਗੜ੍ਹ, 10ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਭਾਜਪਾ ਦੇ ਵੱਡੇ ਨੇਤਾ ਅਨਿਲ ਜੋਸ਼ੀ ਨੂੰ ਅੱਜ ਪਾਰਟੀ ਪ੍ਰਧਾਨ ਅਸ਼ਵਿਨੀ ਸ਼ਰਮਾਂ ਨੇ ਉਹਨਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ 6 ਸਾਲਾਂ ਲਈ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ।
ਇਸ ਸਬੰਧ ਵਿੱਚ ਅਨਿਲ ਜੋਸ਼ੀ ਨੇ ਬਟਾਲਾ ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰੇਸ਼ ਮਹਾਜਨ ਨਾਲ ਮਿਲ ਕੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਜੋਸ਼ੀ ਨੇ ਪਾਰਟੀ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਤਾਂ ਪਾਰਟੀ ਨੂੰ ਬਚਾਉਣ ਦੀ ਗੱਲ ਕੀਤੀ ਸੀ, ਵਰਕਰ ਦੇ ਦਿਲ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ 80 ਤੋਂ 90 ਫ਼ੀਸਦੀ ਵਰਕਰ ਕਿਸਾਨਾਂ ਦੇ ਮਸਲੇ ਨੂੰ ਹੱਲ ਹੋਇਆ ਵੇਖਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਸਕਦੇ ਹਨ ਪਰ ਪੰਜਾਬ ਦੇ ਲੋਕਾਂ ਦੇ ਦਿਲਾਂ ‘ਚੋਂ ਨਹੀਂ ਕੱਢ ਸਕਦੇ।
ਇਹ ਵੀ ਦੱਸਣਯੋਗ ਹੈ ਕਿ ਅਨਿਲ ਜੋਸ਼ੀ ਪਿਛਲੇ ਸਮੇਂ ਵਿੱਚ ਕਿਸਾਨਾਂ ਦੇ ਹੱਕ ਵਿੱਚ ਬੋਲਣ ਵਾਲੇ ਨੇਤਾਵਾਂ ਵਿੱਚ ਆਉਂਦੇ ਹਨ।ਉਹਨਾਂ ਨੇ ਹਾਈਕਮਾਨ ਨੂੰ ਕਿਸਾਨਾਂ ਦੀ ਗੱਲ ਸੁਣਨ ਅਤੇ ਉਹਨਾਂ ਦੇ ਹੱਕ ਵਿੱਚ ਫੈਸਲਾ ਲੈਣ ਦੀ ਸਲਾਹ ਦਿੱਤੀ ਸੀ।























