
ਹੁਸ਼ਿਆਰਪੁਰ, 18 ਜੁਲਾਈ (ਵਿਸ਼ਵ ਵਾਰਤਾ)- ਅਧਿਆਪਕ ਸਮਾਜ ਦਾ ਸਿਰਜਨਹਾਰ ਹੈ। ਅਧਿਆਪਕ ਨੇ ਹੀ ਸੱਭਿਅਕ ਸਮਾਜ ਦੀ ਨੀਂਹ ਰੱਖਣੀ ਹੁੰਦੀ ਹੈ। ਪ੍ਰੰਤੂ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਹੋਰ ਵਿਭਾਗਾਂ ਵਿੱਚ ਡਿਊਟੀ ਲਗਾ ਕੇ ਅਧਿਆਪਕਾਂ ਨੂੰ ਉਲਝਾ ਰਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ “ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ” ਦੀ ਰਾਸਟਰੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਭੈਣ ਸੰਤੋਸ਼ ਕੁਮਾਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਕਦੇ ਰੇਤਾ ਦੀ ਸਮਗਲਿੰਗ ਰੋਕਣ ਅਤੇ ਕਦੇ ਸ਼ਰਾਬ ਵੇਚਣ ਦੇ ਹੁਕਮ ਦਿੱਤੇ ਜਾਂਦੇ ਹਨ, ਜਿਸ ਨਾਲ ਅਧਿਆਪਕਾਂ ਦੇ ਮਨੋਬਲ ਨੂੰ ਸੱਟ ਵੱਜਦੀ ਹੈ। ਸਰਕਾਰ ਨੇ ਹੁਣ ਅਧਿਆਪਕਾਂ ਦੀ ਡਿਊਟੀ ਪੰਜਾਬ ਵਿੱਚ ਬਾਹਰੋਂ ਆਏ ਵਿਅਕਤੀਆਂ ਨੂੰ ਕੁਆਰਟਾਈਨ ਕਰਨ ਤੇ ਲਗਾ ਦਿੱਤੀ ਹੈ, ਜਿਹੜੀ ਇੱਕ ਬਹੁਤ ਗਲਤ ਗੱਲ ਹੈ। ਉਨਾਂ ਕਿਹਾ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਵਧੀਆ ਸਮਾਜ ਦੀ ਸਿਰਜਨਾ ਕਰਨੀ ਹੁੰਦੀ ਹੈ। ਕਰੋਨਾ ਮਹਾਮਾਰੀ ਦੌਰਾਨ ਘਰ ਵਿੱਚ ਬੈਠੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇ ਰਹੇ ਹਨ। ਭੈਣ ਸੰਤੋਸ਼ ਕੁਮਾਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਹਨ। ਅਧਿਆਪਕ ਵਿਦਿਆਰਥੀਆਂ ਤੱਕ ਪੇਪਰ ਪਹੁੰਚਾਉਣ, ਇਕੱਠੇ ਕਰਨ ਅਤੇ ਪੇਪਰਾਂ ਨੂੰ ਚੈਕ ਕਰਨ ਲਈ ਦਿਨ ਰਾਤ-ਮਿਹਨਤ ਕਰ ਰਹੇ ਹਨ। ਪਰ ਸਰਕਾਰ ਵਲੋਂ ਸਿੱਖਿਆ ਤੋਂ ਇਲਾਵਾ ਹੋਰ ਵਿਭਾਗਾਂ ਵਿੱਚ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਨਾਲ ਸਿੱਖਿਆ ਦਾ ਕੰਮ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਉਨਾਂ ਸਰਕਾਰ ਦੀ ਨਿੰਦਿਆ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਪੰਜਾਬ ਵਿੱਚ ਬਾਹਰੋਂ ਆਏ ਵਿਅਕਤੀਆਂ ਨੂੰ ਕੁਆਰਟਾਈਨ ਕਰਨ ਦੇ ਨਵਾਂ ਫੁਰਮਾਨ ਕਾਰਨ ਸਮਾਜ ਦਾ ਬੁੱਧੀਜੀਵੀ ਵਰਗ ਚਿੰਤਤ ਹੈ। ਉਨਾਂ ਕਿਹਾ ਕਿ ਅਧਿਆਪਕਾਂ ਨੂੰ ਕੋਈ ਵਾਧੂ ਕੰਮ ਨਾ ਦਿੱਤਾ ਜਾਵੇ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਹੀ ਕੰਮ ਦਿੱਤਾ ਜਾਵੇ। ਸੰਤੋਸ਼ ਕੁਮਾਰੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀ ਵਾਧੂ ਡਿਊਟੀਆਂ ਦੇ ਹੁਕਮ ਤਰੁੰਤ ਵਾਪਸ ਲਏ ਜਾਣ।






















