ਅਣਪਛਾਤੇ ਚੋਰਾਂ ਨੇ ਗੈਸ ਏਜੰਸੀ ਦੇ ਗੁਦਾਮ ‘ਚ ਕੀਤੀ ਚੋਰੀ ਦੀ ਕੋਸ਼ਿਸ਼
• ਏਜੰਸੀ ਮਾਲਕਣ ਨੇ ਕਰਿੰਦਿਆਂ ਸਮੇਤ ਕੀਤਾ ਕਾਬੂ, ਦੋ ਫਰਾਰ

ਹੁਸ਼ਿਆਰਪੁਰ, 3 ਅਪਰੈਲ ( ਵਿਸ਼ਵ ਵਾਰਤਾ )-ਹੁਸ਼ਿਆਰਪੁਰ ਗੈਸ ਏਜੰਸੀ ਦੇ ਗੋਦਾਮ ਵਿੱਚ ਸ਼ਨੀਵਾਰ ਤੜਕਸਾਰ ਅਣਪਛਾਤੇ ਚੋਰਾਂ ਨੇ ਗੁਦਾਮ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੈਸ ਏਜੰਸੀ ਦੀ ਮਾਲਕਣ ਮੇਘਾ ਓਹਰੀ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਗੁਦਾਮ ਵਿੱਚ ਗੈਸ ਸਿਲੰਡਰ ਚੋਰੀ ਹੋ ਰਹੇ ਸਨ।ਅੱਜ ਸਵੇਰੇ ਚਾਰ ਵਜੇ ਦੇ ਕਰੀਬ ਅਣਪਛਾਤੇ ਵਿਅਕਤੀ ਕੰਧ ਟੱਪ ਕੇ ਗੁਦਾਮ ਵਿੱਚ ਦਾਖ਼ਲ ਹੋਏ। ਉਨ੍ਹਾਂ ਆਪਣੇ ਮੁਲਾਜ਼ਮਾਂ ਸਮੇਤ ਜਦੋਂ ਅਣਪਛਾਤੇ ਚੋਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੋਰਾਂ ਨੇ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋ ਚੋਰ ਤਾਂ ਕੰਧ ਟੱਪ ਕੇ ਭੱਜ ਗਏ ਤੇ ਇਕ ਵਿਅਕਤੀ ਕੰਧ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ ਉਨ੍ਹਾਂ ਨੇ ਉਸਨੂੰ ਕਾਬੂ ਕਰਕੇ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਸੂਚਨਾ ਦੇ ਦਿੱਤੀ।ਗੈਸ ਏਜੰਸੀ ਦੀ ਮਾਲਕਣ ਮੇਘਾ ਓਹਰੀ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਸਨ ਜਿਸ ਕਾਰਨ ਉਨ੍ਹਾਂ ਨੇ ਚੋਰਾਂ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਹੋਇਆ ਸੀ।ਇਸੇ ਦੌਰਾਨ ਹੀ ਤੜਕਸਾਰ ਉਕਤ ਵਿਅਕਤੀ ਕਾਬੂ ਆ ਗਏ।ਇਸ ਸਬੰਧੀ ਸੰਪਰਕ ਕਰਨ ਤੇ ਥਾਣਾ ਮਾਡਲ ਟਾਊਨ ਦੇ ਮੁਖੀ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਗੈਸ ਏਜੰਸੀ ਦੀ ਮਾਲਕਣ ਵੱਲੋਂ ਸੂਚਨਾ ਮਿਲਣ ਤੇ ਥਾਣੇ ਤੋਂ ਪੁਲੀਸ ਮੁਲਾਜ਼ਮ ਤੜਕਸਾਰ ਗੈਸ ਏਜੰਸੀ ਦੇ ਗੁਦਾਮ ਵਿਚ ਪਹੁੰਚੇ ਤਾਂ ਕਾਬੂ ਕੀਤੇ ਗਏ ਮੁਲਜ਼ਮ ਨੂੰ ਪਕੜ ਕੇ ਥਾਣੇ ਲੈ ਆਏ।ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਨਾਲ ਦੇ ਸਾਥੀਆਂ ਬਾਰੇ ਵੀ ਪਤਾ ਲਗਾਇਆ ਜਾ ਚੁੱਕਾ ਹੈ ਜਲਦੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।






















