ਚੰਡੀਗਡ਼੍ਹ 11 ਨਵੰਬਰ ( ਵਿਸ਼ਵ ਵਾਰਤਾ )- :- ਪ੍ਰਸਿੱਧ ਫ਼ਿਲਮੀ ਹਸਤੀ ਹੀਰੋਇਨ ਤੇ ਮਾਡਲ ਸੋਨੀਆ ਮਾਨ ਕੱਲ੍ਹ ਅਕਾਲੀ ਦਲ ਚ ਹੋ ਸਕਦੀ ਹੈ ਸ਼ਾਮਲ । ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸੋਨੀਆ ਮਾਨ ਦੀ ਮੀਟਿੰਗ ਹੋ ਚੁੱਕੀ ਹੈ ਇਹ ਵੀ ਪਤਾ ਲੱਗਾ ਹੈ ਕਿ ਇਸ ਮੀਟਿੰਗ ਚ ਵਿਚੋਲਗੀ ਬਾਦਲ ਪਰਿਵਾਰ ਦੇ ਦੋਸਤ ਚੌਟਾਲਾ ਪਰਿਵਾਰ ਨੇ ਕੀਤੀ ਹੈ । ਦੱਸਿਆ ਜਾਂਦਾ ਹੈ ਕਿ ਸੋਨੀਆ ਮਾਨ ਨੂੰ ਅਕਾਲੀ ਦਲ ਵੱਲੋਂ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਜਾ ਰਿਹਾ ਹੈ । ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਮੋਹਾਲੀ ਵਿਧਾਨ ਸਭਾ ਹਲਕਾ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਇਆ ਸੀ ,ਜਿੱਥੋਂ ਕਿ ਬਹੁਜਨ ਸਮਾਜ ਪਾਰਟੀ ਵੱਲੋਂ ਸਾਂਝਾ ਉਮੀਦਵਾਰ ਗੁਰਮੀਤ ਸਿੰਘ ਬਾਕਰਪੁਰ ਨੂੰ ਵੀ ਉਤਾਰਿਆ ਜਾ ਚੁੱਕਾ ਹੈ ਜੋ ਕਿ ਮੋਹਾਲੀ ਵਿਚ ਥਾਂ ਥਾਂ ਆਪਣੇ ਬੋਰਡ ਵੀ ਲਗਾਈ ਬੈਠਾ ਹੈ । ਸੂਤਰ ਦੱਸਦੇ ਹਨ ਕਿ ਬਹੁਜਨ ਸਮਾਜ ਪਾਰਟੀ ਨਾਲ ਮੁਹਾਲੀ ਸਮੇਤ ਹੋਰ ਤਿੰਨ ਸੀਟਾਂ ਬਦਲੀਆਂ ਜਾ ਰਹੀਆਂ ਹਨ । ਪਰ ਇਹ ਪੱਕਾ ਹੈ ਕਿ ਮੁਹਾਲੀ ਹਲਕੇ ਕਾ ਅਕਾਲੀ ਦਲ ਆਪਣੇ ਖਾਤੇ ਵਿਚ ਲੈ ਰਿਹਾ ਹੈ ਜਦਕਿ ਬਹੁਜਨ ਸਮਾਜ ਪਾਰਟੀ ਨੂੰ ਕੋਈ ਹੋਰ ਸੀਟ ਛੱਡੇਗਾ । ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਏਕੋਟ ਵਿਧਾਨ ਸਭਾ ਹਲਕਾ ਦੀ ਸੀਟ ਅਕਾਲੀ ਦਲ ਦੇ ਖਾਤੇ ਚ ਹੈ ਜੋ ਕਿ ਬਹੁਜਨ ਸਮਾਜ ਪਾਰਟੀ ਨੂੰ ਦਿੱਤੀ ਜਾਵੇਗੀ । ਅਕਾਲੀ ਸੂਤਰਾਂ ਅਨੁਸਾਰ ਸੋਨੀਆ ਮਾਨ ਦਾ ਐਲਾਨ ਕੱਲ੍ਹ ਹੋਣ ਦੀ ਸੰਭਾਵਨਾ ਹੈ ।
ਸੋਨੀਆ ਮਾਨ ਬਾਰੇ ਦੱਸ ਦਈਏ ਕਿ ਉਹ ਇੱਕ ਪੰਜਾਬ ਦੀ ਮਾਡਲ ਲੜਕੀ ਹੈ ਤੇ ਬਾਅਦ ਵਿਚ ਉਸ ਨੇ ਪੰਜਾਬੀ ਫ਼ਿਲਮਾਂ ਤੇ ਬਾਲੀਵੁੱਡ ਚ ਰਿਤਿਕ ਰੋਸ਼ਨ ਨਾਲ ਮੁੱਖ ਭੂਮਿਕਾ ਨਿਭਾਈ ਹੈ ।”






















