ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਮਝੌਤਾ ਲਗਭਗ ਤੈਅ
ਕਿਸੇ ਵੇਲ਼ੇ ਵੀ ਹੋ ਸਕਦਾ ਹੈ ਐਲਾਨ
ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਦੇ ਯਤਨਾਂ ਸਦਕਾ ਅਕਾਲੀ ਤੇ ਭਾਜਪਾ ਲੀਡਰਸ਼ਿਪ ਫਿਰ ਆਏ ਨੇੜੇ-ਨੇੜੇ
ਚੰਡੀਗੜ੍ਹ, 10 ਫਰਵਰੀ(ਵਿਸ਼ਵ ਵਾਰਤਾ)- ਕਿਸਾਨ ਅੰਦੋਲਨ ਦੌਰਾਨ ਇੱਕ ਦੂਜੇ ਤੋਂ ਦੂਰ ਹੋਈਆਂ ਪੂਰਾਣੀਆਂ ਭਾਈਵਾਲ ਪਾਰਟੀਆਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਨੇੜੇ ਆਉਂਦੀਆਂ ਨਜ਼ਰ ਆ ਰਹੀਆਂ ਹਨ। ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀਆਂ ਖਬਰਾਂ ਨੂੰ ਸੱਚ ਮੰਨੀਏ ਤਾਂ ਦੋਵਾਂ ਵਿਚਾਲੇ ਗਠਬੰਧਨ ਲਗਭਗ ਤੈਅ ਹੋ ਚੁੱਕਾ ਹੈ, ਜਿਸ ਦਾ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ।
ਇਸ ਦੇ ਨਾਲ ਹੀ ਇਹ ਵੀ ਜਿਕਰਯੋਗ ਹੈ ਕਿ ਦੋਵਾਂ ਪਾਰਟੀਆਂ ਦੇ ਨੇੜੇ ਆਉਣ ਵਿੱਚ ਭਾਜਪਾ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਮੁੱਖ ਭੂਮਿਕਾ ਨਿਭਾ ਰਹੇ ਹਨ।
ਦੋਵਾਂ ਪਾਰਟੀਆਂ ਦੇ ਆਗੂ ਹਿੰਦੂ-ਸਿੱਖ ਭਾਈਚਾਰਾ ਮਜ਼ਬੂਤ ਕਰਨ ‘ਤੇ ਜ਼ੋਰ ਦਿੰਦੇ ਰਹੇ ਹਨ। ਸੰਭਾਵਤ ਤੌਰ ‘ਤੇ ਆਉਣ ਵਾਲੇ ਦਿਨਾਂ ਵਿੱਚ ਐਲਾਨ ਕੀਤਾ ਜਾਣ ਵਾਲਾ ਸਮਝੌਤਾ ਇਸ ਸਾਂਝੇ ਕਾਰਕ ‘ਤੇ ਅਧਾਰਤ ਹੋਵੇਗਾ।
ਜਿਕਰਯੋਗ ਇਹ ਵੀ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਕਾਲੀ ਦਲ ਨੇ ਭਾਜਪਾ ਨਾਲੋਂ 25 ਸਾਲ ਪੁਰਾਣਾ ਗਠਜੋੜ ਤੋੜ ਲਿਆ ਸੀ। ਜਿਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਦਲ ਹੁਣ ਤੱਕ ਦੀਆਂ ਸਭ ਤੋਂ ਘੱਟ ਸੀਟਾਂ ਜਿੱਤੀ ਸੀ।