ਐਸ.ਏ.ਐਸ.ਨਗਰ: 28 ਸਤੰਬਰ (ਵਿਸ਼ਵ ਵਾਰਤਾ)- ਸੀਨੀਅਰ ਪੱਤਰਕਾਰ ਕੇ.ਜੇ ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਜਿਨ੍ਹਾਂ ਦੀ ਕਿ ਮੋਹਾਲੀ ਸਥਿਤ ਉਨ੍ਹਾਂ ਦੀ ਰਿਹਾਇਸ ਫੇਜ਼ -3ਬੀ 2 ਵਿਖੇ 22 ਅਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤਿਆਂ ਵੱਲੋਂ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਦੀ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਗੁਰਦੁਆਰਾ ਸਾਚਾ ਧੰਨ ਫੇਜ਼ -3ਬੀ 2 ਵਿਖੇ ਪਵਾਏ ਗਏ। ਇਸ ਮੌਕੇ ਵਿਛੜੀਆਂ ਰੂਹਾਂ ਨੂੰ ਭਾਵਭਿੰਨੀਆਂ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦੇ ਵੈਰਾਗਮਈ ਕੀਰਤਨ ਕੀਤਾ ਗਿਆ।
ਅੰਤਿਮ ਅਰਦਾਸ ਵਿੱਚ ਸ਼ਹਿਰੀ ਪਤਵੰਤਿਆਂ ਦੇ ਨਾਲ ਨਾਲ ਹਰ ਵਰਗ ਦੇ ਲੋਕਾਂ ਨੇ ਸਮੂਲੀਅਤ ਕੀਤੀ। ਜਿਸ ਵਿੱਚ ਸਾਬਕਾ ਸਪੀਕਰ ਵਿਧਾਨ ਸਭਾ ਪੰਜਾਬ ਸ੍ਰ: ਬੀਰਦਵਿੰਦਰ ਸਿੰਘ, ਕੌਂਸਲਰ ਕੁਲਬੀਰ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਸਤਵੀਰ ਸਿੰਘ ਧਨੋਆ ਅਤੇ ਜਥੇਦਾਰ ਅਮਰੀਕ ਸਿੰਘ ਮੋਹਾਲੀ, ਗੁਰਸੇਵ ਸਿੰਘ ਹਰਪਾਲਪੁਰ ਸਮੇਤ ਹੋਰ ਪਤਵੰਤੇ ਵੀ ਸਾਮਲ ਹੋਏ। ਇਸ ਮੌਕੇ ਚੰਡੀਗੜ੍ਹ ਅਤੇ ਮੋਹਾਲੀ ਦੇ ਪੱਤਰਕਾਰ ਸਾਹਿਬਾਨਾਂ ਤੋਂ ਇਲਾਵਾ ਰੋਜਾਨਾ ਸਪੋਕਸਮੈਨ ਦੇ ਨਿਊਜ ਐਡੀਟਰ ਸ੍ਰ: ਸਰਬਜੀਤ ਸਿੰਘ ਧਾਲੀਵਾਲ ਅਤੇ ਇਲੈਕਟ੍ਰੋਨਿਕ ਮੀਡੀਏ ਦੇ ਪੱਤਰਕਾਰ ਵੀ ਮੋਜੂਦ ਸਨ। ਅੰਤਿਮ ਅਰਦਾਸ ਵਿੱਚ ਕੇ.ਜੇ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਰਿਸਤੇਦਾਰ ਨੇ ਵੀ ਸਮੂਲੀਅਤ ਕੀਤੀ।