ਲੋਕ ਸਭਾ ਚੋਣਾਂ-2024: ਆਬਕਾਰੀ ਤੇ ਪੰਜਾਬ ਪੁਲਿਸ ਦੀ ਟੀਮ ਵੱਲੋਂ 25500 ਕਿੱਲੋ ਲਾਹਣ ਬਰਾਮਦ, ਮੌਕੇ ‘ਤੇ ਕੀਤੀ ਨਸ਼ਟ
ਰੇਡ ਦੌਰਾਨ 13 ਤਰਪਾਲਾਂ ਅਤੇ 3 ਲੋਹੇ ਦੇ ਡਰੰਮ ਮਿਲੇ, ਥਾਣਾ ਕਬੀਰਪੁਰ ‘ਚ ਮਾਮਲਾ ਦਰਜ
ਨਾਜਾਇਜ਼ ਸ਼ਰਾਬ ਵੇਚਣ ਅਤੇ ਲਾਹਣ ਕੱਢਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਡਿਪਟੀ ਕਮਿਸ਼ਨਰ
ਕਪੂਰਥਲਾ, 8 ਅਪ੍ਰੈਲ (ਵਿਸ਼ਵ ਵਾਰਤਾ): ਲੋਕ ਸਭਾ ਚੋਣਾਂ ਦੇ ਮੱਦੇਨਜਰ ਜਿਲੇ ਵਿਚ ਵਧਾਈ ਚੌਕਸੀ ਤਹਿਤ ਆਬਕਾਰੀ ਅਤੇ ਪੁਲਿਸ ਵਿਭਾਗ ਦੀ ਟੀਮ ਨੇ ਅੱਜ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਧੀਨ ਪੈਂਦੇ ਇੰਦਰਪੁਰ ਮੰਡ ਖੇਤਰ ਵਿਚ 25500 ਕਿੱਲੋ ਲਾਹਣ ਬਰਾਮਦ ਕੀਤੀ ।
ਪੁਲਿਸ ਅਧਿਕਾਰੀਆਂ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਗੋਪਾਲ ਗੇਰਾ ਦੀ ਅਗਵਾਈ ਵਿਚ ਇੰਦਰਪੁਰ ਖੇਤਰ ਵਿੱਚ ਸਾਂਝੇ ਤੌਰ ‘ਤੇ ਮਾਰੀ ਗਈ ਰੇਡ ਦੌਰਾਨ 13 ਤਰਪਾਲਾਂ ਅਤੇ 3 ਲੋਹੇ ਦੇ ਡਰੰਮ ਵੀ ਬਰਾਮਦ ਕੀਤੇ ਗਏ। ਟੀਮ ਵੱਲੋਂ ਬਰਾਮਦ ਲਾਹਣ ਮੌਕੇ ‘ਤੇ ਹੀ ਨਸ਼ਟ ਕਰਦਿਆਂ ਥਾਣਾ ਕਬੀਰਪੁਰ ਵਿਚ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।
ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਧਿਕਾਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜਰ ਆਬਕਾਰੀ ਵਿਭਾਗ, ਪੰਜਾਬ ਪੁਲਿਸ ਅਤੇ ਉਡਣ ਦਸਤੇ ਗੈਰ-ਸਮਾਜੀ ਸਰਗਰਮੀਆਂ ‘ਤੇ ਪੈਨੀ ਨਜ਼ਰ ਰੱਖ ਰਹੇ ਹਨ । ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਜਿਲੇ ਅੰਦਰ ਖਾਸਕਰ ਮੰਡ ਖੇਤਰਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨਾਜਾਇਜ਼ ਸ਼ਰਾਬ ਦੀ ਸਪਲਾਈ ਨੂੰ ਰੋਕਣ ਦੇ ਨਾਲ-ਨਾਲ ਲਾਹਣ ਕੱਢਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਨਾਜਾਇਜ਼ ਸ਼ਰਾਬ ਦੇ ਧੰਦੇ ਵਿਰੁੱਧ ਪਹਿਲਾਂ ਹੀ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਹੋਈ ਹੈ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਟੀਮਾਂ ਵੱਲੋਂ ਸਾਰੇ ਅਧਿਕਾਰਤ ਸ਼ਰਾਬ ਦੇ ਠੇਕਿਆਂ, ਆਬਕਾਰੀ ਲਾਇਸੰਸ ਧਾਰਕਾਂ ਜਿਵੇਂ ਕਿ ਹਾਰਡ ਬਾਰ, ਐਲ-17 ਲਾਇਸੈਂਸੀਆਂ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਸਾਂਝੀਆਂ ਟੀਮਾਂ ਨੇ ਸ਼ਹਿਰ ਅਤੇ ਮੰਡ ਖੇਤਰਾਂ ਵਿੱਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਚਲਾਈ ਚੈਕਿੰਗ ਮੁਹਿੰਮ ਤਹਿਤ 23 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਨ ਤੋਂ ਇਲਾਵਾ 3200 ਕਿਲੋ ਲਾਹਣ ਬਰਾਮਦ ਕਰਕੇ ਵੀ ਮੌਕੇ ‘ਤੇ ਨਸ਼ਟ ਕਰਵਾਇਆ ਸੀ।
ਕੈਪਸ਼ਨ: ਪੁਲਿਸ ਤੇ ਆਬਕਾਰੀ ਵਿਭਾਗ ਦੀ ਸਾਂਝੀ ਚੈਕਿੰਗ ਟੀਮ ਬਰਾਮਦ ਡਰੰਮਾਂ ਤੇ ਹੋਰ ਸਾਮਾਨ ਸਮੇਤ।