ਮੋਹਾਲੀ, 22 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਇੱਥੇ ਓਸੀਏ (ਓਲਡ ਕੋਟੋਨੀਅਨ ਐਸੋਸੀਏਸ਼ਨ) ਨਾਰਦਨ ਚੈਪਟਰ ਵੱਲੋਂ ਕਰਵਾਈ ਤੀਸਰੀ ‘ਸ਼ਿਵਾਲਿਕ ਹਿੱਲ ਡਰਾਈਵ’ ਕਾਰ ਰੈਲੀ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਨੌਜਵਾਨਾਂ ਵਿਚ ਸੜਕੀ ਨਿਯਮਾਂ ਪ੍ਰਤੀ ਜਾਗਰੂਕਤਾ ਵਧਾਉਣ ਦੀ ਲੋੜ ‘ਤੇ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਜਿੱਥੇ ਸੜਕੀ ਨਿਯਮਾਂ ਪ੍ਰਤੀ ਜਾਗਰੂਕਤਾ ਵਧਾਈ ਜਾ ਸਕਦੀ ਹੈ ਉੱਥੇ ਹੀ ਬਿਸ਼ਪ ਕੋਟਨ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੂੰ ਆਪਣੀਆਂ ਯਾਦਾਂ ਤਾਜ਼ਾ ਕਰਨ ਦਾ ਵੀ ਮੌਕਾ ਮਿਲਦਾ ਹੈ। ਰਾਣਾ ਕੇਪੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਓਸੀਏ ਦੇ ਜ਼ਿਆਦਾਤਰ ਮੈਂਬਰ ਨਾਮੀਂ ਸਖਸ਼ੀਅਤਾਂ ਹਨ ਜਿਨ੍ਹਾਂ ਨੇ ਕਿ ਆਪੋ-ਆਪਣੇ ਖੇਤਰਾਂ ਤੇ ਪੇਸ਼ਿਆਂ ਵਿਚ ਚੰਗਾ ਨਾਮਣਾ ਖੱਟਿਆ ਹੈ। ਉਨ੍ਹਾਂ ਇਸ ਕਾਰ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਸੁਰੱਖਿਅਤ ਡਰਾਈਵਿੰਗ ਲਈ ਵੀ ਪ੍ਰੇਰਿਤ ਕੀਤਾ।
‘ਸ਼ਿਵਾਲਿਕ ਹਿੱਲ ਡਰਾਈਵ’ ਕਾਰ ਰੈਲੀ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਓਸੀਏ ਨਾਰਦਨ ਚੈਪਟਰ ਦੇ ਪ੍ਰਧਾਨ ਮਨਵੀਰ ਗੁਰੋਂ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚੋਂ 30 ਤੋਂ ਜ਼ਿਆਦਾ ਸਖਸ਼ੀਅਤਾਂ ਇਸ ਕਾਰ ਰੈਲੀ ਵਿਚ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਰ ਰੈਲੀ 150 ਕਿਲੋਮੀਟਰ ਦਾ ਸਫਰ ਤੈਅ ਕਰਕੇ ਬਿਸ਼ਪ ਕੋਟਨ ਸਕੂਲ, ਸ਼ਿਮਲਾ ਵਿਖੇ ਪੁੱਜ ਕੇ ਖਤਮ ਹੋਵੇਗੀ।
ਓਸੀਏ ਨਾਰਦਨ ਚੈਪਟਰ ਦੇ ਸਕੱਤਰ ਡਾ. ਰਵੀ ਸ਼ੇਰ ਸਿੰਘ ਤੂਰ ਨੇ ਦੱਸਿਆ ਕਿ ‘ਸ਼ਿਵਾਲਿਕ ਹਿੱਲ ਡਰਾਈਵ’ ਕੋਈ ਕਾਰਾਂ ਦੀ ਰੇਸ ਨਹੀਂ ਹੈ ਬਲਕਿ ਇਸ ਵਿਚ ਸਮਾਂ, ਸਪੀਡ ਅਤੇ ਦੂਰੀ ਦਾ ਹਿਸਾਬ ਰੱਖਿਆ ਜਾਂਦਾ ਹੈ ਅਤੇ ਇਹ ਸਾਰਾ ਕੁਝ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਨੂੰ ਨਿਰਧਾਰਿਤ ਸਮਾਂ ਸੀਮਾ ਵਿਚ ਰਹਿ ਕੇ ਨਿਰਧਾਰਿਤ ਥਾਂ ‘ਤੇ ਪੁੱਜਣਾ ਹੁੰਦਾ ਹੈ। ਸਮੇਂ ਤੋਂ ਪਹਿਲਾਂ ਅਤੇ ਦੇਰੀ ਨਾਲ ਪੁੱਜਣ ਵਾਲਿਆਂ ਦੇ ਨੰਬਰ ਕੱਟੇ ਜਾਂਦੇ ਹਨ ਅਤੇ ਜੋ ਕਾਰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਰਹਿ ਕੇ ਦੂਰੀ ਤੈਅ ਕਰਦੀ ਹੈ ਉਸ ਵਾਹਨ ਦਾ ਡਰਾਇਵਰ ਜੇਤੂ ਐਲਾਨਿਆ ਜਾਂਦਾ ਹੈ।