ਮਹਿਲਾ ਪ੍ਰੀਮੀਅਰ ਲੀਗ ਸੀਜ਼ਨ 2
ਯੂਪੀ ਵਾਰੀਅਰਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾਇਆ
ਦੀਪਤੀ ਸ਼ਰਮਾ ਬਣੀ WPL ਵਿੱਚ ਹੈਟ੍ਰਿਕ ਲੈਣ ਵਾਲੀ ਪਹਿਲੀ ਭਾਰਤੀ
ਚੰਡੀਗੜ੍ਹ,9ਮਾਰਚ(ਵਿਸ਼ਵ ਵਾਰਤਾ)- ਮਹਿਲਾ ਪ੍ਰੀਮੀਅਰ ਲੀਗ ਦੇ ਸੀਜ਼ਨ 2 ‘ਚ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ ਵਿੱਚ ਯੂਪੀ ਵਾਰੀਅਰਜ਼ ਨੇ ਦਿੱਲੀ ਕੈਪੀਟਲਜ਼ ‘ਤੇ ਇਕ ਦੌੜ ਦੀ ਰੋਮਾਂਚਕ ਜਿੱਤ ਹਾਸਲ ਕੀਤੀ ਹੈ। ਲਗਾਤਾਰ ਦੋ ਹਾਰਾਂ ਤੋਂ ਬਾਅਦ ਯੂਪੀ ਦੀ ਇਹ ਪਹਿਲੀ ਜਿੱਤ ਹੈ, ਜਦਕਿ ਦਿੱਲੀ ਦੀ ਲਗਾਤਾਰ ਚਾਰ ਜਿੱਤਾਂ ਤੋਂ ਬਾਅਦ ਪਹਿਲੀ ਹਾਰ ਹੈ। ਹਾਲਾਂਕਿ ਦਿੱਲੀ ਕੈਪੀਟਲਸ ਅਜੇ ਵੀ 8 ਅੰਕਾਂ ਨਾਲ ਅੰਕ ਸੂਚੀ ‘ਚ ਸਿਖਰ ‘ਤੇ ਹੈ।ਸ਼ੁੱਕਰਵਾਰ ਨੂੰ ਅਰੁਣ ਜੇਤਲੀ ਮੈਦਾਨ ‘ਤੇ ਯੂਪੀ ਵਾਰੀਅਰਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 8 ਵਿਕਟਾਂ ‘ਤੇ 138 ਦੌੜਾਂ ਬਣਾਈਆਂ। ਜਵਾਬ ‘ਚ ਦਿੱਲੀ ਕੈਪੀਟਲਸ 20 ਓਵਰਾਂ ‘ਚ 137 ਦੌੜਾਂ ‘ਤੇ ਆਲ ਆਊਟ ਹੋ ਗਈ। ਦੀਪਤੀ ਸ਼ਰਮਾ ਨੂੰ ਉਸ ਦੇ ਦੋਹਰੇ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਉਸ ਨੇ ਹੈਟ੍ਰਿਕ ਹਾਸਲ ਕੀਤੀ ਅਤੇ 59 ਦੌੜਾਂ ਦੀ ਪਾਰੀ ਵੀ ਖੇਡੀ। ਉਹ ਇਸ ਲੀਗ ਵਿੱਚ ਹੈਟ੍ਰਿਕ ਲੈਣ ਵਾਲੀ ਪਹਿਲੀ ਭਾਰਤੀ ਗੇਂਦਬਾਜ਼ ਬਣ ਗਈ ਹੈ।