ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੂੰ ਪੁਲਿਸ ਨੇ ਪਾਇਆ ਘੇਰਾ
ਈਡੀ ਵਲੋਂ ਕਾਰਵਾਈ ਸੰਭਵ
‘ਆਪ ‘ ਲੀਡਰਾਂ ਨੂੰ ਗ੍ਰਿਫਤਾਰੀ ਦਾ ਖਦਸ਼ਾ
ਚੰਡੀਗੜ੍ਹ,4ਜਨਵਰੀ(ਵਿਸ਼ਵ ਵਾਰਤਾ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਵੀਰਵਾਰ 4 ਜਨਵਰੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਤੀਜੀ ਵਾਰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸੰਮਨ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਨੂੰ ਪੁਲਿਸ ਨੇ ਚਾਰੇ ਪਾਸੇ ਤੋਂ ਘੇਰ ਕੇ ਕਿਲੇ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਹੈ। ਸੀਐਮ ਰਿਹਾਇਸ਼ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ ਅਤੇ ਸੀਐਮ ਹਾਊਸ ਦੇ ਸਟਾਫ ਨੂੰ ਰੋਕਿਆ ਗਿਆ ਹੈ।
ਦੱਸ ਦਈਏ ਕਿ ਦਿੱਲੀ ਸਰਕਾਰ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਬੁੱਧਵਾਰ (3 ਜਨਵਰੀ) ਨੂੰ ਸੋਸ਼ਲ ਮੀਡੀਆ ‘ਤੇ ਆਪਣਾ ਖਦਸ਼ਾ ਜ਼ਾਹਰ ਕੀਤਾ। ਆਤਿਸ਼ੀ ਨੇ ਆਪਣੀ ਪੋਸਟ ‘ਚ ਲਿਖਿਆ ਕਿ ਖਬਰਾਂ ਆ ਰਹੀਆਂ ਹਨ ਕਿ ਕੱਲ੍ਹ ਸਵੇਰੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ED ਦੀ ਛਾਪੇਮਾਰੀ ਕੀਤੀ ਜਾਵੇਗੀ। ਗ੍ਰਿਫਤਾਰੀ ਦੀ ਵੀ ਸੰਭਾਵਨਾ ਹੈ। ਸੌਰਭ ਭਾਰਦਵਾਜ ਨੇ ਲਿਖਿਆ- ਈਡੀ ਕੱਲ੍ਹ ਸਵੇਰੇ ਸੀਐਮ ਕੇਜਰੀਵਾਲ ਨੂੰ ਉਨ੍ਹਾਂ ਦੇ ਘਰ ਗ੍ਰਿਫਤਾਰ ਕਰਨ ਜਾ ਰਹੀ ਹੈ। ਜਿਕਰਯੋਗ ਹੈ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਈਡੀ ਨੇ ਕੇਜਰੀਵਾਲ ਨੂੰ ਤੀਜੀ ਵਾਰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ ਕੇਜਰੀਵਾਲ ਪੇਸ਼ ਨਹੀਂ ਹੋਏ।