ਗੁਰਦਾਸਪੁਰ ਤੋਂ ਕਾਂਗਰਸ ਇਤਿਹਾਸਕ ਜਿੱਤ ਦਰਜ ਕਰੇਗੀ: ਕੈਪਟਨ ਅਮਰਿੰਦਰ ਸਿੰਘ

290
Advertisement
ਪਠਾਨਕੋਟ/ਗੁਰਦਾਸਪੁਰ, 9 ਅਕਤੂਬਰ (ਵਿਸ਼ਵ ਵਾਰਤਾ) : ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖਰੀ ਦਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਨੂੰ ਮਿਲੇ ਵੱਡੇ ਹੁੰਗਾਰੇ ਤੋਂ ਉਤਸ਼ਾਹਿਤ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਜ਼ਿਮਨੀ ਚੋਣ ਨੂੰ ਇਤਿਹਾਸਕ ਫਤਵੇ ਨਾਲ ਜਿੱਤਣ ਦਾ ਭਰੋਸਾ ਜ਼ਾਹਰ ਕੀਤਾ।
ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ, ‘‘ਅਸੀਂ ਇਹ ਸੀਟ ਦੋ ਲੱਖ ਤੋਂ ਵੱਧ ਦੇ ਫਰਕ ਨਾਲ ਜਿੱਤਾਂਗੇ।’’ ਮੁੱਖ ਮੰਤਰੀ ਨਾਲ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ, ਕਾਂਗਰਸ ਦੇ ਕੌਮੀ ਜਨਰਲ ਸਕੱਤਰ ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਹਾਜ਼ਰ ਸਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨਾਂ ਦੀ ਸਰਕਾਰ ਨੇ ਨਾ ਸਿਰਫ ਆਪਣੇ ਬਹੁਤੇ ਚੋਣ ਵਾਅਦਿਆਂ ਨੂੰ ਲਾਗੂ ਕਰ ਦਿੱਤਾ ਹੈ ਸਗੋਂ ਸੰਕਟ ਨਾਲ ਜੂਝ ਰਹੇ ਸੂਬੇ ਦੇ ਅਰਥਚਾਰੇ ਨੂੰ ਮੁੜ ਲੀਹ ’ਤੇ ਲਿਆਉਣ ਦਾ ਮੁੱਢ ਵੀ ਬੰਨ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ, ‘‘ਭਾਵੇਂ ਸਮਾਜ ਭਲਾਈ ਸਕੀਮਾਂ ਅਧੀਨ ਪੈਨਸ਼ਨ ਵਧਾਉਣ ਦਾ ਵਾਅਦਾ ਹੋਵੇ ਅਤੇ ਜਾਂ ਨੌਕਰੀਆਂ ਦੇਣ ਦਾ ਵਾਅਦਾ ਹੋਵੇ, ਹਰੇਕ ਚੋਣ ਵਾਅਦਾ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।’’ ਉਨਾਂ ਕਿਹਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ 10 ਸਾਲ ਲੰਮੀ ਲੁੱਟ-ਖਸੁੱਟ ਦੀ ਵਿਰਾਸਤ ਨੂੰ ਛੇ ਮਹੀਨਿਆਂ ਜਿਹੇ ਘੱਟ ਸਮੇਂ ਵਿੱਚ ਮਿਟਾਇਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੌਜਵਾਨਾਂ ਨੂੰ ਸਮਾਰਟ ਫੋਨ ਮੁਹੱਈਆ ਕਰਾਉਣ ਦੇ ਵਾਅਦੇ ਨੂੰ ਲਾਗੂ ਕਰਨ ਲਈ ਯੋਜਨਾ ਬਣਾ ਰਹੀ ਹੈ।
ਕਿਸਾਨਾਂ ਦਾ ਫਸਲੀ ਕਰਜ਼ਾ ਮੁਆਫ ਕਰਨ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਨੇ ਪੰਜ ਏਕੜ ਤੱਕ ਦੇ ਮਾਲਕੀ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਅਤੇ ਹੋਰ ਛੋਟੇ ਤੇ ਸੀਮਾਂਤ ਕਿਸਾਨਾਂ ਦਾ ਦੋ ਲੱਖ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਲਿਆ ਹੈ ਚਾਹੇ ਕਰਜ਼ਾ ਰਾਸ਼ੀ ਜਿੰਨੀ ਮਰਜ਼ੀ ਹੋਵੇ। ਪੰਜਾਬ ਨੇ ਕਿਸਾਨਾਂ ਦਾ ਬਾਕੀ ਸੂਬਿਆਂ ਨਾਲੋਂ ਵੱਧ ਕਰਜ਼ਾ ਮੁਆਫ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ 13 ਲੱਖ ਕਰਜ਼ਦਾਰ ਕਿਸਾਨ ਪਰਿਵਾਰਾਂ ਵਿੱਚੋਂ 10.25 ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ। ਉਨਾਂ ਨੇ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਕੀਤੇ ਜੇ ਰਹੇ ਕੂੜ ਪ੍ਰਚਾਰ ’ਤੇ ਵਿਰੋਧੀ ਧਿਰ ਦੀ ਸਖਤ ਅਲੋਚਨਾ ਕੀਤੀ।
ਮੁੱਖ ਮੰਤਰੀ ਨੇ ਆਖਿਆ ਕਿ ਝੋਨੇ ਦੀ ਚੱਲ ਰਹੀ ਖਰੀਦ ਦੌਰਾਨ ਕਿਸਾਨਾਂ ਨੂੰ ਉਨਾਂ ਦੀ ਫਸਲ ਦੀ ਸਮੇਂ ਸਿਰ ਅਦਾਇਗੀ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨਾਂ ਆਖਿਆ ਕਿ ਵਿੱਤੀ ਤੰਗੀ-ਤੁਰਸ਼ੀ ਦੇ ਬਾਵਜੂਦ ਉਨਾਂ ਦੀ ਸਰਕਾਰ ਨੇ ਗੁਰਦਾਸਪੁਰ ਤੇ ਪਠਾਨਕੋਟ ਲਈ 750 ਕਰੋੜ ਰੁਪਏ ਦੀ ਲਾਗਤ ਵਾਲੇ ਪੋ੍ਰਜੈਕਟਾਂ ਲਈ ਪੈਸਾ ਮਨਜ਼ੂਰ ਕੀਤਾ ਹੈ ਅਤੇ ਇਸ ਸਬੰਧੀ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਟਿਕਟ ਦੀ ਅਲਾਟਮੈਂਟ ਦੇ ਮਾਮਲੇ ਉੱਤੇ ਪਾਰਟੀ ਵਿਚ ਕਿਸੇ ਵੀ ਤਰਾਂ ਦਾ ਵਿਰੋਧ ਹੋਣ ਤੋਂ ਵੀ ਇਨਕਾਰ ਕੀਤਾ ਹੈ। ਉਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਚੋਣ ਮੁਹਿੰਮ ਤੋਂ ਕਦੇ ਵੀ ਪਰੇ ਨਹੀਂ ਰਹੇ। ਉਨਾਂ ਕਿਹਾ ਕਿ ਉਨਾਂ ਦੇ ਵਾਂਗ ਪ੍ਰਤਾਪ ਸਿੰਘ ਬਾਜਵਾ ਦੀਆਂ ਵੀ ਦਿੱਲੀ ਵਿਚ ਕੁਝ ਜ਼ਿੰਮੇਵਾਰੀਆਂ ਸਨ ਜਿਨਾਂ ਨੂੰ ਉਨਾਂ ਨੇ ਪੂਰਾ ਕੀਤਾ ਅਤੇ ਚੋਣ ਮੁਹਿੰਮ ਵਿਚ ਸ਼ਾਮਲ ਹੋਏ।
ਇਕ ਸਵਾਲ ਦੇ ਜਵਾਬ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਜਾਖੜ ਨੇ ਕਿਹਾ ਕਿ ਲੰਗਾਹ ਦੇ ਬਲਾਤਕਾਰ ਮਾਮਲੇ ਨੇ ਸਿੱਖ ਭਾਵਨਾਵਾਂ ਨੂੰ ਵਲੂੰਧਰਿਆ ਹੈ ਅਤੇ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਿਰਾਸ਼ ਹੋਏ ਹਨ। ਉਨਾਂ ਕਿਹਾ ਕਿ ਸਲਾਰੀਆ ਦੇ ਵਿਰੁੱਧ ਵੀ ਦੋਸ਼ ਗੰਭੀਰ ਕਿਸਮ ਦੇ ਹਨ ਪਰ ਉਹ ਇਸ ਸਬੰਧ ਵਿਚ ਅਜੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨਾਂ ਕਿਹਾ ਕਿ ਉਹ ਹਾਂਪੱਖੀ ਏਜੰਡੇ ’ਤੇ ਚੋਣ ਲੜ ਰਹੇ ਹਨ ਅਤੇ ਲੋਕ ਉਨਾਂ ਦੇ ਕੀਤੇ ਕਾਰਜਾਂ ਲਈ ਵੋਟ ਕਰਨਗੇ ਜਦਕਿ ਵਿਰੋਧੀਆਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ।
‘ਆ ਗਿਆ ਕੈਪਟਨ; ਛਾ ਗਿਆ ਕੈਪਟਨ’ ਅਤੇ ‘ਕੈਪਟਨ ਅਮਰਿੰਦਰ ਜ਼ਿੰਦਾਬਾਦ’ ਦੇ ਜ਼ੋਰ ਦਾਰ ਨਾਅਰਿਆਂ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੇ ਰੋਡ ਸ਼ੋਅ ਨੂੰ ਮਿਲੇ ਭਾਰੀ ਹੰੁਘਾਰੇ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਜਾਖੜ ਵੱਡੇ ਫਰਕ ਨਾਲ ਇਹ ਜ਼ਿਮਨੀ ਚੋਣ ਜਿੱਤਣਗੇ। ਉਨਾਂ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਲੋਕਾਂ ਵੱਲੋਂ ਦਿਖਾਏ ਗਏ ਪਿਆਰ ਅਤੇ ਸਨੇਹ ਲਈ ਉਹ ਬਹੁਤ ਗਦ-ਗਦ ਹੋਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਜ਼ਾਦੀ ਦਿਵਸ ਅਤੇ ਦੁਸਹਿਰੇ ਦੇ ਮੌਕੇ ਉਨਾਂ ਵੱਲੋਂ ਕ੍ਰਮਵਾਰ ਗੁਰਦਾਸਪੁਰ ਅਤੇ ਪਠਾਨਕੋਟ ਦੇ ਕੀਤੇ ਪਿਛਲੇ ਦੌਰੇ ਦੌਰਾਨ ਵੀ ਉਨਾਂ ਨੂੰ ਲੋਕਾਂ ਵੱਲੋਂ ਇਸੇ ਤਰਾਂ ਦਾ ਹੀ ਹੁੰਘਾਰਾ ਮਿਲਿਆ ਸੀ ਜਿਸ ਦੇ ਲਈ ਉਹ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਨ। ਉਨਾਂ ਵਾਅਦਾ ਕੀਤਾ ਕਿ ਜਾਖੜ ਹਲਕੇ ਦੇ ਲੋਕਾਂ ਦੀ ਆਵਾਜ਼ ਨੂੰ ਪ੍ਰਭਾਵੀ ਤਰੀਕੇ ਨਾਲ ਲੋਕ ਸਭਾ ਵਿਚ ਉਠਾਉਣਗੇ ਅਤੇ ਉਨਾਂ ਦੇ ਅਧਿਕਾਰਾਂ ਲਈ ਲੜਣਗੇ।
ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਰਨ ਲਈ ਹਜ਼ਾਰਾਂ ਲੋਕ ਰੋਡ ਸ਼ੋਅ ਦੌਰਾਨ ਸੜਕ ਦੇ ਦੋਵੇਂ ਪਾਸੇ ਖੜੇ ਸਨ। ਇਹ ਰੋਡ ਸ਼ੋਅ ਪਠਾਨਕੋਟ ਦੇ ਨਵੇਂ ਚੱਕੀ ਪੁਲ ਤੋਂ ਸ਼ੁਰੂ ਹੋਇਆ ਅਤੇ ਬਟਾਲਾ ਵਿਖੇ ਜਾ ਕੇ ਸਮਾਪਤ ਹੋਇਆ। ਗੁਰਦਾਸਪੁਰ, ਪਠਾਨਕੋਟ ਅਤੇ ਬਟਾਲਾ ਦੇ ਪਾਰਟੀ ਵਿਧਾਇਕ ਵੀ ਮੁੱਖ ਮੰਤਰੀ ਦੇ ਨਾਲ ਰੋਡ ਸ਼ੋਅ ਸਮੇਂ ਹਾਜ਼ਰ ਸਨ।
ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਦੀਆਂ ਸੜਕਾਂ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਦੌਰਾਨ ਸੜਕਾਂ ਦੇ ਦੋਵੇਂ ਪਾਸੇ ਜੁੜੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਫੁੱਲਾਂ ਦੀ ਹਾਰ ਭੇਟ ਕੀਤੇ। ਕਾਂਗਰਸ ਦੇ ਝੰਡੇ ਲਹਿਰਾਉਂਦੇ ਅਤੇ ਢੋਲ ਵਜਾਉਂਦੇ ਪਾਰਟੀ ਸਮਰੱਥਕ ਭਾਰੀ ਉਤਸ਼ਾਹ ਵਿਚ ਦੇਖੇ ਜਾ ਸਕਦੇ ਸਨ। ਕੈਪਟਨ ਅਮਰਿੰਦਰ ਸਿੰਘ ਸਾਰੇ ਰਾਹ ਹੀ ਲੋਕਾਂ ਨੂੰ ਮੁਸਕੁਰਾਹਟ ਵੰਡਦੇ ਰਹੇ ਅਤੇ ਲੋਕਾਂ ਦੇ ਨਾਅਰਿਆਂ ਦਾ ਹੱਥ ਹਿਲਾ ਕੇ ਹੁੰਘਾਰਾ ਭਰਦੇ ਰਹੇ।
ਰੋਡ ਸ਼ੋਅ ਦੌਰਾਨ ਸੜਕਾਂ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਦੁਕਾਨਦਾਰ ਵੀ ਵੱਡੀ ਗਿਣਤੀ ਵਿਚ ਬਾਹਰ ਆ ਗਏ ਇੱਥੋਂ ਤੱਕ ਕੇ ਮੁੱਖ ਰਾਸ਼ਟਰੀ ਮਾਰਗ ’ਤੇ ਵੀ ਵੱਡੀ ਗਿਣਤੀ ਲੋਕ ਹਾਜ਼ਰ ਸਨ। ਮੁੱਖ ਮੰਤਰੀ ਚੋਣ ਮੁਹਿੰਮ ਖਤਮ ਹੋਣ ਤੱਕ ਸਾਰਾ ਦਿਨ ਸੜਕਾਂ ਉੱਤੇ ਲੋਕਾਂ ਨਾਲ ਆਪਣਾ ਰਾਬਤਾ ਬਣਾਉਂਦੇ ਰਹੇ।
Advertisement

LEAVE A REPLY

Please enter your comment!
Please enter your name here