ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਲਕ ਦੇ ਬਟਵਾਰੇ ਬਾਰੇ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਿਤ

394
Advertisement

ਅੰਮਿ੍ਰਤਸਰ, 17 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਲਕ ਦੇ ਬਟਵਾਰੇ ਨੂੰ ਮੂਰਤੀਮਾਨ ਕਰਦਾ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕਰਕੇ ਉਨਾਂ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ ਜਿਨਾਂ ਨੇ 1947 ਵਿੱਚ ਦੇਸ਼ ਦੀ ਵੰਡ ਵਿੱਚ ਆਪਣੀਆਂ ਅਣਮੁੱਲੀਆਂ ਜਾਨਾਂ ਅਤੇ ਘਰ ਗੁਆ ਲਏ ਸਨ। ਇਸ ਮੌਕੇ ’ਤੇ ਉਨਾਂ ਨੇ ਇਤਿਹਾਸ ਤੋਂ ਸਬਕ ਸਿੱਖਣ ਦਾ ਵੀ ਸੱਦਾ ਦਿੱਤਾ ਤਾਂ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਅਜਿਹਾ ਦੁਖਾਂਤ ਮੁੜ ਨਾ ਵਾਪਰ ਸਕੇ।

ਅੱਜ ਇੱਥੇ ਵਿਸ਼ੇਸ਼ ਯਾਦਗਾਰੀ ਸਮਾਰੋਹ ਦੌਰਾਨ ‘ਦੀ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ’ ਦੇ ਉੱਦਮ ਨਾਲ ਬਣਾਏ ਅਜਾਇਬ ਘਰ ਦੀ ਤਖ਼ਤੀ ਤੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਤਾਂ ਇਸ ਮੌਕੇ ਮਾਹੌਲ ਬਹੁਤ ਭਾਵੁਕ ਹੋ ਗਿਆ ਅਤੇ ਇਸ ਤਖ਼ਤੀ ’ਤੇ ਬਟਵਾਰਾ ਯਾਦਗਾਰੀ ਦਿਵਸ ਵਜੋਂ 17 ਅਗਸਤ ਉਕਰਿਆ ਹੋਇਆ ਸੀ। ਇਤਿਹਾਸਕ ਟਾਊਨ ਹਾਲ ਜਿੱਥੇ ਇਹ ਅਜਾਇਬ ਘਰ ਸਥਾਪਤ ਕੀਤਾ ਗਿਆ, ਵਿਖੇ ਇਸ ਉਦਘਾਟਨੀ ਰਸਮ ਤੋਂ ਬਾਅਦ ਇਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਮੁੱਖ ਮੰਤਰੀ ਨੇ ਅੱਜ ਦੇ ਇਸ ਮੌਕੇ ਇਹ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕੀਤਾ ਜੋ ਸੂਬਾ ਸਰਕਾਰ ਦੀ ਭਾਈਵਾਲੀ ਰਾਹੀਂ ਹੋਂਦ ਵਿੱਚ ਆਇਆ।

ਭਾਰਤੀ ਇਤਿਹਾਸ ਦੇ ਦੁਖਦਾਇਕ ਪਲਾਂ ਤੇ ਯਾਦਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਤਕਰੀਰ ਵਿੱਚ ਮੇਘਨਦ ਦੇਸਾਈ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਨਾਂ ਨੇ ਇਸ ਨਿਵੇਕਲੇ ਕਿਸਮ ਦੇ ਅਜਾਇਬ ਘਰ ਵਿੱਚ ਸਾਡੇ ਇਤਿਹਾਸ ਦੇ ਬਹੁਤ ਹੀ ਦੁਖਦਾਇਕ ਅਧਿਆਏ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਇਹ ਅਜਾਇਬ ਘਰ ਅਤੇ ਜਲੰਧਰ ਵਿੱਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਇਕੋ ਜਿਹੇ ਉਪਰਾਲੇ ਹਨ ਜੋ ਸਾਡੀਆਂ ਨੌਜਵਾਨ ਪੀੜੀਆਂ ਲਈ ਆਪਣੇ ਪਿਛੋਕੜ ਨੂੰ ਸਮਝਣ ਅਤੇ ਇਸ ਤੋਂ ਸਬਕ ਸਿੱਖਣ ਵਿੱਚ ਸਹਾਈ ਹੋਣਗੇ। ਉਨਾਂ ਕਿਹਾ ਕੋਈ ਵੀ ਮੁਲਕ ਆਪਣੇ ਇਤਿਹਾਸ ਤੋਂ ਸਬਕ ਸਿੱਖੇ ਬਿਨਾਂ ਅੱਗੇ ਨਹੀਂ ਵਧ ਸਕਦਾ।

ਮੁੱਖ ਮੰਤਰੀ ਨੇ ਆਖਿਆ ਕਿ ਨਵੀਂ ਪੀੜੀ ਲਈ ਵੰਡ ਦੇ ਦਿਨ ਅੰਕੜਿਆਂ ਤੱਕ ਸੀਮਤ ਹੋ ਕੇ ਰਹਿ ਗਏ ਜਦਕਿ ਜਿਨਾਂ ਲੋਕਾਂ ਨੂੰ ਇਸ ਦੁਖਾਂਤ ਵਿੱਚੋਂ ਗੁਜ਼ਰਨਾ ਪਿਆ, ਉਹਨਾਂ ਲੋਕਾਂ ਅੰਦਰ ਇਸ ਸਮੇਂ ਦੀਆਂ ਬਹੁਤ ਹੀ ਦੁਖਦਾਇਕ ਤੇ ਕੌੜੀਆਂ ਯਾਦਾਂ ਸਮੋਈਆਂ ਹੋਈਆਂ ਹਨ। ਉਨਾਂ ਆਖਿਆ ਕਿ ਇਹ ਮਿਊਜ਼ੀਅਮ ਨੌਜਵਾਨਾਂ ਨੂੰ ਇਤਿਹਾਸ ਵਿੱਚ ਮੁਲਕਾਂ ਨੂੰ ਵੰਡਣ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿੱਚੋਂ ਇਕ ਸਾਡੇ ਦੇਸ਼ ਦੀ ਵੰਡ ਨੂੰ ਦੇਖਣ ਅਤੇ ਤਜਰਬਾ ਹਾਸਲ ਕਰਨ ਲਈ ਸਹਾਈ ਹੋਵੇਗਾ।

ਮੁੱਖ ਮੰਤਰੀ ਨੇ ਵੰਡ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਚੇਤੇ ਕਰਦਿਆਂ ਆਖਿਆ ਕਿ ਉਹ ਉਸ ਵੇਲੇ ਨੌਜਵਾਨ ਸਨ ਅਤੇ ਇਕ ਰੇਲ ਗੱਡੀ ਰਾਹੀਂ ਸ਼ਿਮਲਾ ਵਿੱਚ ਸਥਿਤ ਆਪਣੇ ਬੋਰਡਿੰਗ ਸਕੂਲ ਤੋਂ ਘਰ ਵਾਪਸ ਆ ਰਹੇ ਸਨ ਅਤੇ ਜਦੋਂ ਉਨਾਂ ਨੇ ਡੱਬੇ ਦਾ ਪਰਦਾ ਹਟਾਇਆ ਤਾਂ ਇਕ ਸਟੇਸ਼ਨ ’ਤੇ ਲਾਸ਼ਾਂ ਪਈਆਂ ਦੇਖੀਆਂ। ਉਨਾਂ ਕਿਹਾ ਕਿ ਇਹ ਯਾਦ ਅਜੇ ਵੀ ਉਨਾਂ ਦੇ ਮਨ ਵਿੱਚ ਖੁਣੀ ਹੋਈ ਹੈ।

ਮੁੱਖ ਮੰਤਰੀ ਨੇ ਆਪਣੀ ਮਾਤਾ ਰਾਜਮਾਤਾ ਮਹਿੰਦਰ ਕੌਰ ਜੋ ਹਾਲ ਹੀ ਵਿੱਚ ਚੱਲ ਵਸੇ ਹਨ, ਵੱਲੋਂ ਮੁਲਕ ਦੀ ਵੰਡ ਵੇਲੇ ਕੀਤੇ ਕੰਮਾਂ ਨੂੰ ਚੇਤੇ ਕੀਤਾ ਜਿਨਾਂ ਨੇ ਸ਼ਰਨਾਰਥੀ ਲੜਕੀਆਂ ਨੂੰ ਉਨਾਂ ਦੇ ਘਰਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਸੀ। ਮੁੱਖ ਮੰਤਰੀ ਨੇ ਉਨਾਂ ਦਿਨਾਂ ਨਾਲ ਜੁੜੀ ਆਪਣੀ ਮਾਤਾ ਦੀ ਯਾਦ ਨੂੰ ਚੇਤੇ ਕੀਤਾ ਕਿ ਕਿਵੇਂ ਸਰਹੱਦ ਪਾਰ ਆਪਣੇ ਨਵੇਂ ਘਰਾਂ ਵਿੱਚ ਖੁਸ਼ੀ-ਖੁਸ਼ੀ ਰਹਿ ਰਹੀਆਂ ਬਹੁਤੀਆਂ ਲੜਕੀਆਂ ਨੂੰ ਧੱਕੇ ਨਾਲ ਉਨਾਂ ਦੇ ਘਰਾਂ ਵਿੱਚ ਵਾਪਸ ਭੇਜ ਦਿੱਤਾ ਗਿਆ। ਉਹ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦੀਆਂ ਪਰ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰ ਦਰਮਿਆਨ ਹੋਏ ਸਮਝੌਤੇ ਮੁਤਾਬਕ ਉਨਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ।

ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅਜਾਇਬ ਘਰ ਦੀ ਫੇਰੀ ਵੀ ਪਾਈ ਅਤੇ ਉਨਾਂ ਨੇ ਇਸ ਨੂੰ ਇਕ ਯਾਦਗਾਰੀ ਤਜਰਬਾ ਦੱਸਿਆ ਜੋ ਉਨਾਂ ਦੇ ਜੀਵਨ ਦੀਆਂ ਕਈ ਯਾਦਾਂ ਨੂੰ ਦਰਸਾਉਂਦਾ ਹੈ।

ਪੰਜਾਬ ਸਰਕਾਰ ਨੇ ਇਸ ਅਜਾਇਬ ਘਰ ਦੀ ਉਸਾਰੀ ਲਈ ਮਦਦ ਦਿੱਤੀ ਅਤੇ 17 ਅਗਸਤ ਨੂੰ ‘ਬਟਵਾਰਾ ਯਾਦਗਾਰੀ ਦਿਹਾੜੇ’ ਵਜੋਂ ਮਨਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਭਾਰਤ ਦੀ ਆਜ਼ਾਦੀ ਦੇ 70 ਵਰਿਆਂ ਬਾਅਦ ਸੈਂਕੜੇ ਨੌਜਵਾਨਾਂ ਨੂੰ ਆਪਣੇ ਜੀਵਨ ਵਿੱਚ ਪਹਿਲੀ ਵਾਰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੁਲਕ ਦੇ ਬਟਵਾਰੇ ਦੀ ਹਿਜਰਤ ਦੌਰਾਨ ਉਨਾਂ ਦੇ ਵੱਡ-ਵਡੇਰਿਆਂ ਨੂੰ ਕਿੰਨੇ ਦੁੱਖ ਤੇ ਕਸ਼ਟ ਝੱਲਣੇ ਪਏ। ਜਿਵੇਂ ਹੀ ਇਹਨਾਂ ਨੌਜਵਾਨਾਂ ਨੇ ਦੁਖਦਾਇਕ ਇਤਿਹਾਸ ਨੂੰ ਮੂਰਤੀਮਾਨ ਕਰਦੇ ਦਿ੍ਰਸ਼ਾਂ ਨੂੰ ਤੱਕਿਆ ਤਾਂ ਉਨਾਂ ਦੀਆਂ ਅੱਖਾਂ ਨਮ ਹੁੰਦੀਆਂ ਦੇਖੀਆਂ ਜਾ ਸਕਦੀਆਂ ਸਨ।

ਇਸ ਤੋਂ ਪਹਿਲਾਂ ਸਥਾਨਕ ਸਰਕਾਰ, ਸੈਰ ਸਪਾਟਾ, ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਇਸ ਮਿਊਜ਼ੀਅਮ ਨੂੰ  ਮਨੁੱਖੀ ਸੰਕਪਲ ਤੇ ਮੁੜ ਉੱਭਰਨ ਅਤੇ ਅਮਿੱਟ ਮਾਨਵੀ ਜਜ਼ਬੇ ਦਾ ਦੌਰ ਦੱਸਿਆ। ਉਨਾਂ ਕਿਹਾ ਕਿ ਇਸ ਮਿਊਜ਼ੀਅਮ ਨੇ ਵਕਤ ਦੀ ਧੂੜ ਵਿੱਚ ਗੁਆਚ ਰਹੇ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ ਹੈ। ਉਨਾਂ ਕਿਹਾ ਕਿ ਇਹ ਮਿਊਜ਼ੀਅਮ ਦੇਸ਼ ਨੂੰ ਸਮਰਪਿਤ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸ ਸਿਰਜਿਆ ਹੈ।

ਸਮਾਰੋਹ ਦੌਰਾਨ ਗੁਲਜ਼ਾਰ ਦੀ ਕਵਿਤਾ ਦਾ ਬਿਰਤਾਂਤ ਪੇਸ਼ ਕੀਤਾ ਗਿਆ ਜਿਨਾਂ ਨੇ ਆਪਣੀ ਨਵੀਂ ਅਨੁਵਾਦ ਹੋਈ ਕਿਤਾਬ ‘ਫੁਟਪਿ੍ਰੰਟਸ ਆਫ਼ ਜ਼ੀਰੋ ਲਾਈਨ’ ਜਾਰੀ ਕੀਤੀ ਗਈ ਜੋ ਬਟਵਾਰੇ ’ਤੇ ਲਿਖੀ ਗਈ ਹੈ। ਇਸ ਦੌਰਾਨ ਉੱਘੇ ਮਾਹਿਰਾਂ ਦੀ ਵਿਚਾਰ-ਚਰਚਾ ਵੀ ਹੋਈ ਜਿਨਾਂ ਵਿੱਚ ਉਰਵਸ਼ੀ ਬੁਟਾਲੀਆ ਅਤੇ ਸੁਰਜੀਤ ਪਾਤਰ ਵੀ ਸਨ। ਕਹਾਣੀਵਾਲਾ ਵੱਲੋਂ ਬਟਵਾਰੇ’ਤੇ ਲਘੂ ਨਾਟਕ ਵੀ ਖੇਡਿਆ ਗਿਆ ਅਤੇ ਹਸ਼ਮਤ ਸੁਲਤਾਨਾ ਭੈਣਾਂ ਵੱਲੋਂ ਸੂਫ਼ੀ ਸੰਗੀਤ ਪੇਸ਼ ਕੀਤਾ ਗਿਆ।

ਇਕੱਠ ਨੂੰ ਸੰਬੋਧਨ ਕਰਦਿਆਂ ਇਸ ਮਿਊਜ਼ੀਅਮ ਦੇ ਟਰੱਸਟ ਦੀ ਮੁਖੀ ਕਿਸ਼ਵਰ ਦੇਸਾਈ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਸ ਨਿਵੇਕਲੇ ਅਜਾਇਬ ਘਰ ਨੂੰ ਸਥਾਪਤ ਕਰਨ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਹ ਅਜਾਇਬ ਘਰ ਮੁਲਕ ਦੀ ਵੰਡ ਮੌਕੇ ਜਿਉਂਦੇ ਰਹਿ ਗਏ ਲੋਕਾਂ ਦੇ ਜਜ਼ਬੇ ਤੇ ਉਤਸ਼ਾਹ ਨੂੰ ਸਮਰਪਿਤ ਹੈ। ਕਿਸ਼ਵਰ ਦੇਸਾਈ ਨੇ ਉਨਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਤੇ ਦਾਨ ਤੋਂ ਬਿਨਾਂ ਇਹ ਅਜਾਇਬ ਘਰ ਹਕੀਕਤ ਨਹੀਂ ਸੀ ਬਣ ਸਕਦਾ।

ਇਸ਼ਤਿਹਾਰਬਾਜ਼ੀ ਗੁਰੂ ਸੁਹੇਲ ਸੇਠ ਜਿਸ ਦੇ ਮਾਪੇ ਵੀ ਹਿਜਰਤ ਕਰਕੇ ਆਏ ਸਨ, ਨੇ ਆਪਣੇ ਯੋਗਦਾਨ ਨੂੰ ਇਕ ਸ਼ੁਕਰਗੁਜ਼ਾਰ ਪੁੱਤਰ ਵੱਲੋਂ ਅਸਲ ਸ਼ਰਧਾਂਜਲੀ ਦੱਸਿਆ। ਪਦਮਸ੍ਰੀ ਵੀ.ਐਸ. ਸਾਹਨੀ (ਟਰੱਸਟ ਦੇ ਮੈਂਬਰ) ਅਤੇ ਸਨ ਫਾੳੂਂਡੇਸ਼ਨ ਦੇ ਮੁਖੀ ਨੇ ਇਸ ਨੂੰ ਲੋਕਾਂ ਦਾ ਮਿੳੂਜ਼ੀਅਮ ਦੱਸਿਆ ਜਿਸ ਦਾ ਸਮਰਪਿਤ ਸਮਾਰੋਹ ਸੰਜੀਦਾ ਪਲ ਹਨ।

ਦਰਬਾਰ ਸਾਹਿਬ ਕੰਪਲੈਕਸ ਨੇੜੇ ਕੱਟੜਾ ਆਹਲੂਵਾਲੀਆ ਵਿਖੇ ਲੰਮੇ ਸਮੇਂ ਤੋਂ ਅਣਗੌਲੇ ਟਾੳੂਨ ਹਾਲ ਵਿੱਚ ਸਥਾਪਤ ਕੀਤਾ ਮਿੳੂਜ਼ੀਅਮ ਉਰਦੂ ਲੇਖਕ ਸਾਅਦਤ ਹਸਨ ਮੰਟੋ ਦੀਆਂ ਕਹਾਣੀਆਂ ਨੂੰ ਪ੍ਰੇਰਿਤ ਕਰਦਾ ਹੈ ਜੋ ਅੰਮਿ੍ਰਤਸਰ ਤੋਂ ਸਨ ਅਤੇ ਉਨਾਂ ਦਾ ਘਰ ਗਲੀ ਵਕੀਲਾਂ ਵਿੱਚ ਸੀ ਜੋ ਬਟਵਾਰੇ ਦੀ ਫਿਰਕੂ ਹਿੰਸਾ ਵਿੱਚ ਤਬਾਹ ਕੀਤੇ 40 ਫੀਸਦੀ ਕੀਤੇ ਘਰਾਂ ਵਿੱਚ ਸ਼ਾਮਲ ਸੀ।

ਇਸ ਯਾਦਗਾਰ ਵਿੱਚ ਵੱਖ-ਵੱਖ ਲੋਕਾਂ ਵੱਲੋਂ 1947 ਨਾਲ ਦਿੱਤੀ ਗਈ ਸਬੰਧਤ ਸਮੱਗਰੀ ਤੇ ਮਹੱਤਵਪੂਰਨ ਨਿਸ਼ਾਨੀਆਂ ਰੱਖੀਆਂ ਗਈਆਂ ਹਨ। ਇਨਾਂ ਵਿੱਚ ਤਸਵੀਰਾਂ, ਚਿੱਤਰ ਤੇ ਵੀਡੀਓਜ਼ ਵੀ ਹਨ। ਹਾਲ ਦੇ ਵਿੱਚ ਮਧੁਰ ਸੰਗੀਤ ਅਤੇ ਪਿਛੋਕੜ ਵਿੱਚ ਅ੍ਰਮਿਤਾ ਪ੍ਰੀਤਮ ਵੱਲੋਂ ਵਾਰਸ ਸ਼ਾਹ ਨੂੰ ਸੰਬੋਧਤ ਉਦਾਸੀ ਭਰੀ ਕਵਿਤਾ ਨੂੰ ਪੇਸ਼ ਕੀਤਾ ਗਿਆ।

ਦੀਵਾਰ ’ਤੇ ਦਰਸਾਇਆ ਗਿਆ ਕਿ ਭਾਰਤ ਵਿੱਚੋਂ ਦਸੰਬਰ, 1947 ਤੋਂ ਜੁਲਾਈ, 1948 ਤੱਕ ਅਗਵਾ ਕੀਤੀਆਂ 9423 ਔਰਤਾਂ ਬਰਾਮਦ ਕੀਤੀਆਂ ਗਈਆਂ ਅਤੇ ਭਾਰਤ ਤੋਂ ਪਾਕਿਸਤਾਨ ਭੇਜਿਆ ਗਿਆ। ਇਸੇ ਤਰਾਂ ਪਾਕਿਸਤਾਨ ਵਿੱਚੋਂ ਅਗਵਾ ਕੀਤੀਆਂ 5510 ਔਰਤਾਂ ਮਿਲੀਆਂ ਜੋ ਭਾਰਤ ਭੇਜੀਆਂ ਗਈਆਂ।

Advertisement

LEAVE A REPLY

Please enter your comment!
Please enter your name here