ਇੰਡੀਆ ਗੱਠਜੋੜ ਮਹਾਂਰੈਲੀ; ਅਰਵਿੰਦ ਕੇਜਰੀਵਾਲ ਦਾ ਖਾਸ ਸੰਦੇਸ਼ ਪੜ੍ਹ ਕੇ ਸੁਣਾਏਗੀ ਸੁਨੀਤਾ ਕੇਜਰੀਵਾਲ ਮਹਾਂਰੈਲੀ ਸਟੇਜ ਤੋਂ
ਰਾਹੁਲ ,ਸੋਨੀਆ ਸ਼ਰਦ ਪੁਆਰ ਲਾਲੂ ਯਾਦਵ ਮਹਿਬੂਬਾ ਮੁਫ਼ਤੀ ਸਮੇਤ ਗੱਠਜੋੜ ਵਾਲੀਆ 28 ਪਾਰਟੀਆਂ ਦੇ ਲੀਡਰ ਪਹੁੰਚੇ ਰੈਲੀ ਚ
ਨਵੀਂ ਦਿੱਲੀ 31 ਮਾਰਚ( ਵਿਸ਼ਵ ਵਾਰਤਾ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਰਾਮਲੀਲਾ ਮੈਦਾਨ ‘ਚ ਇੰਡੀਆ ਗਠਜੋੜ ਰੈਲੀ ‘ਚ ਸ਼ਾਮਲ ਹੋਵੇਗੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ ਤੋਂ ਭੇਜੇ ਗਏ ਮੁੱਖ ਮੰਤਰੀ ਦੇ ਸੰਦੇਸ਼ ਨੂੰ ਪੜ੍ਹ ਕੇ ਸੁਣਾਏਗੀ। ਸ਼ਰਾਬ ਨੀਤੀ ਮਾਮਲੇ ‘ਚ ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸ਼ਰਦ ਪਵਾਰ ਅਤੇ ਊਧਵ ਠਾਕਰੇ ਵਰਗੇ ਸੀਨੀਅਰ ਨੇਤਾਵਾਂ ਦੇ ਰੈਲੀ ‘ਚ ਸ਼ਾਮਲ ਹੋਣ ਦੀ ਉਮੀਦ ਹੈ।
ਕੇਂਦਰੀ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਐਤਵਾਰ ਨੂੰ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ ਗਠਜੋੜ ਦੇ ਨੇਤਾਵਾਂ ਦੀ ਰੈਲੀ ਦੇ ਮੱਦੇਨਜ਼ਰ ਦਿੱਲੀ ਪੁਲਸ ਅਤੇ ਨੀਮ ਫੌਜੀ ਬਲਾਂ ਨੂੰ ਵੱਡੀ ਗਿਣਤੀ ‘ਚ ਤਾਇਨਾਤ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਕੋਈ ਵੀ ਮਾਰਚ ਨਾ ਕੱਢਣਾ, ਕੋਈ ਟਰੈਕਟਰ-ਟਰਾਲੀ ਨਾ ਲਿਆਉਣਾ ਅਤੇ ਕੋਈ ਹਥਿਆਰ ਨਾ ਲਿਆਉਣ ਸਮੇਤ ਕੁਝ ਸ਼ਰਤਾਂ ਨਾਲ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ”ਅਸੀਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ ਤਾਂ ਜੋ ਰੈਲੀ ਕਾਰਨ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।” ਉਨ੍ਹਾਂ ਕਿਹਾ ਕਿ ਰਾਮਲੀਲਾ ਮੈਦਾਨ ਨੇੜੇ ਟ੍ਰੈਫਿਕ ਅਤੇ ਪਾਰਕਿੰਗ ਦਾ ਪ੍ਰਬੰਧ ਕਰਨ ਲਈ ਟ੍ਰੈਫਿਕ ਪੁਲਸ ਤਾਇਨਾਤ ਕੀਤੀ ਗਈ ਹੈ।