ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈਕੇ ਮਾਨਸਾ ਜਿਲ੍ਹੇ ਵਿੱਚ ਮੁਕੰਮਲ ਬੰਦ

157

ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈਕੇ ਮਾਨਸਾ ਜਿਲ੍ਹੇ ਵਿੱਚ ਮੁਕੰਮਲ ਬੰਦ
ਡੀਸੀ ਵੱਲੋਂ ਧਰਨੇ ਵਿੱਚ ਨਾ ਆਉਣ ਦੇ ਵਿਰੋਧ ਵਜੋਂ ਧਰਨਾ ਅਣਮਿਥੇ ਸਮੇਂ ਲਈ ਜਾਰੀ ਰੱਖਣ ਦਾ ਐਲਾਨ

ਮਾਨਸਾ, 13 ਸਤੰਬਰ
ਆਊਟ ਆਫ਼ ਕੰਟਰੋਲ ਹੋਏ ਅਵਾਰਾ ਪਸ਼ੂਆਂ ਤੋਂ ਅੱਕੇ ਹੋਏ ਮਾਨਸਾ ਸ਼ਹਿਰੀਆਂ ਨੇ ਅੱਜ ਇੱਕਮਿਕ ਹੋਣ ਦਾ ਸਬੂਤ ਦਿੰਦਿਆਂ ਸਾਰਾ ਦਿਨ ਜ਼ਿਲ੍ਹਾ ਪੱਧਰੀ ਇਸ ਸ਼ਹਿਰ ਨੂੰ ਬੰਦ ਹੀ ਨਹੀਂ ਰੱਖਿਆ, ਸਗੋਂ ਜ਼ਿਲ੍ਹੇ ਵਿਚਲੇ ਬੁਢਲਾਡਾ, ਬੋਹਾ ਸਮੇਤ ਹੋਰ ਕਸਬਿਆਂ ਵਿੱਚ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਵਿਰੋਧ ਵਿੱਚ ਆਪੋ-ਆਪਣੇ ਕਾਰੋਬਾਰ ਬੰਦ ਰੱਖੇ। ਵਪਾਰ ਮੰਡਲ ਸਮੇਤ ਹੋਰ ਧਿਰਾਂ ਵਲੋਂ ਤਿੰਨ ਦਿਨ ਪਹਿਲਾਂ ਬੰਦ ਦੇ ਇਸ ਸੱਦੇ ਦੌਰਾਨ ਅੱਜ ਸਾਰੀਆਂ ਸਿਆਸੀ,ਧਾਰਮਿਕ,ਸਮਾਜਿਕ ਅਤੇ ਹੋਰ ਜਥੇਬੰਦਕ ਧਿਰਾਂ ਨੇ ਲੋਕ ਏਕਤਾ ਦਾ ਸਬੂਤ ਦਿੰਦਿਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਸਿਵਲ ਪ੍ਰਸ਼ਾਸਨ ਦੀ ਮੁਰਦਾਬਾਦ ਕੀਤੀ ਅਤੇ ਅਵਾਰਾ ਪਸ਼ੂਆਂ ਤੋਂ ਲੋਕਾਂ ਨੂੰ ਬਚਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਢੁੱਕਵੀਂ ਚਾਰਾਜੋਈ ਨਾ ਕਰਨ ਦੀ ਠੁੱਕਵੀਂ ਵਿਰੋਧਤਾ ਕੀਤੀ। ਅਵਾਰਾ ਪਸ਼ੂਆਂ ਕਾਰਨ ਕੁੱਝ ਹੀ ਸਮੇਂ ਵਿੱਚ ਚਾਰ ਤੋਂ ਵੱਧ ਹੋਈਆਂ ਮੌਤਾਂ ਅਤੇ ਦਰਜਨਾਂ ਸ਼ਹਿਰੀਆਂ ਦੇ ਜਖ਼ਮੀ ਹੋਣ ਉਪਰ ਵੀ ਪ੍ਰਸ਼ਾਸਨਿਕ ਅਫ਼ਸਰਾਂ ਵਲੋਂ ਸਮਾਜਿਕ ਭਾਈਚਾਰੇ ਵਜੋਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਨਾ ਕਰਨ ਦੀ ਮੰਚ ਤੋਂ ਕਰੜੀ ਨਿੰਦਾ ਕੀਤੀ ਗਈ। ਡਿਪਟੀ ਕਮਿਸ਼ਨਰ ਵੱਲੋਂ ਧਰਨੇ ਵਿੱਚ ਆਕੇ ਮੰਗ ਪੱਤਰ ਨਾ ਲੈਣ ਦੇ ਵਿਰੋਧ ਵਜੋਂ ਲੋਕਾਂ ਦਾ ਲਾਵਾ ਪ੍ਰਸ਼ਾਸਨ ਵਿਰੁੱਧ ਹੋਰ ਫੁੱਟ ਗਿਆ ਅਤੇ ਧਰਨਾਕਾਰੀਆਂ ਨੇ ਅਣਮਿਥੇ ਸਮੇਂ ਲਈ ਪ੍ਰਸ਼ਾਸਨ ਪਿੱਟ-ਸਿਆਪਾ ਕਰਨ ਲਈ ਲਗਾਤਾਰ ਧਰਨਾ ਜਾਰੀ ਰੱਖਣਾ ਹੱਥ ਖੜ੍ਹੇ ਕਰਕੇ ਗਰਜ਼ਵੀ ਅਵਾਜ਼ ਵਿੱਚ ਨਿਰਣਾ ਲਿਆ ਗਿਆ।
ਅੱਜ ਸਵੇਰੇ ਸ਼ਹਿਰੀਆਂ ਵੱਲੋਂ ਦੁਕਾਨਾਂ ਬੰਦ ਕਰਕੇ ਬਾਰਾਂ ਹੱਟਾਂ ਚੌਂਕ ਵਿੱਚ ਇਕੱਠ ਕਰਨ ਤੋਂ ਬਾਅਦ ਇੱਕ ਜਲੂਸ ਦੀ ਸ਼ਕਲ ਵਿੱਚ ਜ਼ਿਲ੍ਹਾ ਕਚਹਿਰੀਆਂ ਵਿੱਚ ਜਾਕੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ।
ਧਰਨੇ ਦੌਰਾਨ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵਪਾਰ ਮੰਡਲ ਦੇ ਪ੍ਰਧਾਨ ਮਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਜੋ ਅਵਾਰਾ ਪਸ਼ੂਆਂ ਦੀ ਸਮੱਸਿਆ ਲਈ ਜਿਲ੍ਹਾ ਪ੍ਰਸ਼ਾਸਨ ਘੱਗੂ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਵਾਰ-ਵਾਰ ਕੀਤੀਆਂ ਬੇਨਤੀਆਂ ਨੂੰ ਵੀ ਧੇਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਇਸ ਵੱਡੀ ਤਕਲੀਫ਼ ਨੂੰ ਨਾ ਸੁਣੇਗਾ ਤਾਂ ਪੰਜਾਬ ਭਰ ਦੇ ਲੋਕ ਸੜਕਾਂ ’ਤੇ ਆ ਜਾਣਗੇ।
ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਗੂੰਗੇ ਅਤੇ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਮਾਨਸਾ ਦੇ ਵਕੀਲਾਂ ਵਲੋਂ ਇਸ ਮਸਲੇ ’ਤੇ ਇਨਸਾਫ਼ ਲਈ ਅਦਾਲਤਾਂ ਦਾ ਸਹਾਰਾ ਲਿਆ ਜਾਣਾ ਲੱਗਾ ਹੈ।
ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਮਾਨਸਾ ਜਿਲ੍ਹੇ ਦੇ ਲੋਕਾਂ ਨੇ ਅਵਾਰਾ ਪਸ਼ੂਆਂ ਦੇ ਮੁੱਦੇ ’ਤੇ ਜੋ ਸੰਘਰਸ਼ ਆਰੰਭਿਆ ਹੈ, ਉਹ ਇਤਿਹਾਸਕ ਉਪਰਲਾ ਹੈ, ਕਿਉਂਕਿ ਸਾਰੇ ਦੇਸ਼ ਵਿੱਚ ਇਹ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ ਅਤੇ ਇਸ ਖਿਲਾਫ਼ ਅੰਦੋਲਨ ਦੀ ਸ਼ੁਰੂਆਤ, ਜੋ ਮਾਨਸਾ ਤੋਂ ਅੱਜ ਹੋਈ ਹੈ, ਇਸ ਨਾਲ ਹੁਣ ਸਾਰੇ ਪੰਜਾਬ ਨੇ ਜਾਗ ਪੈਣਾ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਬੇਲੋੜੇ ਗੋਕੇ ਪਸ਼ੂ ਵਿਕਣ ਉਤੇ ਲੱਗੀ ਰੋਕ ਕਾਰਨ ਹਰ ਸਾਲ ਲੱਖਾਂ ਨਵੇਂ ਫਾਲਤੂ ਫੰਡਰ ਪਸ਼ੂ ਸੜਕਾਂ ’ਤੇ ਆ ਰਹੇ ਹਨ, ਜਿੰਨਾਂ ਲਈ ਹੁਣ ਜ਼ਰੂਰਤ ਮੁਤਾਬਕ ਮੀਟ ਪਲਾਂਟ ਲਾਏ ਜਾਣੇ ਚਾਹੀਦੇ ਹਨ। ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਪਸ਼ੂ ਪਾਲਕਾਂ ਦੀ ਆਮਦਨ ਦਾ ਵੱਡਾ ਸਾਧਨ ਇਨ੍ਹਾਂ ਪਸ਼ੂਆਂ ਨੂੰ ਬਣਾਉਣ ਲਈ ਕੇਂਦਰ ਸਰਕਾਰ ਨੂੰ ਕੋਈ ਨਵਾਂ ਕਾਨੂੰਨ ਕਾਇਮ ਕਰਨਾ ਚਾਹੀਦਾ ਹੈ।
ਲੰਬਾ ਸਮਾਂ ਚੱਲੇ ਇਸ ਧਰਨੇ ਦੌਰਾਨ ਬੁਲਾਰਿਆਂ ਦੀਆਂ ਸਾਰੀਆਂ ਤਜਵੀਜ਼ਾਂ ਨੂੰ ਬਿਨਾਂ ਕਿਸੇ ਵਿਰੋਧ ਜਾਂ ਭੜਕਾਹਟ ਦੇ ਖੁੱਲੇ ਮਨ ਨਾਲ ਸੁਣਿਆ ਗਿਆ ਅਤੇ ਸਾਰਿਆਂ ਨੇ ਇਸ ਗੱਲ ਨਾਲ ਸਹਿਮਤੀ ਕੀਤੀ ਕਿ ਅਮਰੀਕਨ ਠੱਠਿਆਂ ਨੂੰ ਇਥੇ ਸਾਂਭਕੇ ਰੱਖਣਾ ਹੁਣ ਸੰਭਵ ਨਹੀਂ, ਇਸ ਲਈ ਇਨ੍ਹਾਂ ਨੂੰ ਰੇਲ ਗੱਡੀਆਂ ਵਿੱਚ ਭਰਕੇ ਕਿੱਧਰੇ ਦੂਰ ਭੇਜ਼ ਦੇਣਾ ਚਾਹੀਦਾ ਹੈ।
ਇਸ ਸਮੇਂ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਇੱਕ ਦਿਨ ਦੀ ਭੁੱਖ ਹੜਤਾਲ ਰੱਖਣ ਵਾਲੇ ਮੈਂਬਰਾਂ ਪ੍ਰੇਮ ਅਰੋੜਾ, ਬਲਵਿੰਦਰ ਸਿੰਘਕਾਕਾ,ਬਲਜੀਤ ਸ਼ਰਮਾਂ,ਧਰਮਵੀਰ ਵਾਲੀਆ,ਸਹਿਜਪਾਲ ਸਿੰਘ ਐਡਵੋਕੇਟ, ਹਰਵਿੰਦਰ ਸਿੰਘ ਮਾਨਸ਼ਾਹੀਆ,ਸਿਮਰਜੀਤ ਕੌਰ ਸਿੰਮੀ,ਜਸਵੀਰ ਕੌਰ ਨੱਤ,ਕਾ. ਨਰਿੰਦਰ ਕੌਰ ਬੁਰਜ ਹਮੀਰਾ, ਐਡਵੋਕੇਟ ਰੇਖਾ ਸ਼ਰਮਾਂ, ਬਿੱਕਰ ਸਿੰਘ ਮਘਾਣੀਆਂ ਅਤੇ ਬਲਵਿੰਦਰ ਬਾਂਸਲ ਗੁੱਟਾਂ ’ਤੇ ਕਾਲੀਆਂ ਪੱਟੀਆਂ ਬੰਨਕੇ ਧਰਨੇ ਵਿੱਚ ਬੈਠੇ ਹੋਏ ਸਨ ।
ਇਸ ਮੌਕੇ ਗੁਰਪ੍ਰੀਤ ਸਿੰਘ ਸਿੱਧੂ,ਡਾ.ਜਨਕ ਰਾਜ ਸਿੰਗਲਾ,ਬਲਜੀਤ ਸ਼ਰਮਾ,ਸੁਮੀਰ ਛਾਬੜਾ,ਸੁਰੇਸ਼ ਨੰਦਗੜ੍ਹੀਆ, ਬਲਵੀਰ ਕੌਰ ਐਡਵੋਕੇਟ,ਸੰਜੀਵ ਪਿੰਕਾ,ਕਿ੍ਰਸ਼ਨ ਚੌਹਾਨ,ਪ੍ਰੇਮ ਅੱਗਰਵਾਲ ਨੇ ਵੀ ਸੰਬੋਧਨ ਕੀਤਾ।
ਬਾਕਸ
ਅਵਾਰਾ ਪਸ਼ੂਆਂ ਪ੍ਰਤੀ ਸ਼ਹਿਰੀਆਂ ਦਾ ਇਹ ਅੰਦੋਲਨ ਲਗਾਤਾਰ ਹੋਈਆਂ ਚਾਰ ਮੌਤ ਤੋਂ ਬਾਅਦ ਲਿਆ ਗਿਆ। ਇਨ੍ਹਾਂ ਮੌਤ ਵਿੱਚ ਦੋ ਮੌਤ ਡਿਪਟੀ ਕਮਿਸ਼ਨਰ ਦੇ ਘਰ ਨੇੜੇ ਕਾਰ ਦੁਰਘਟਨਾ ਵਿੱਚ ਹੋਈਆਂ। ਇੱਕ ਮੌਤ ਸੰਸਦੀ ਮੈਂਬਰ ਭਗਵੰਤ ਮਾਨ ਦੇ ਨਜ਼ਦੀਕੀ ਦੋਸਤ ਨਵਨੀਤ ਸਿੰਘ ਅਤੇ ਦੋ ਜਾਣਿਆਂ ਦੀ ਸਰਦੂਲਗੜ੍ਹ ਏਰੀਏ ਵਿੱਚ ਮੌਤ ਹੋਈ ਹੈ।

ਫੋਟੋ ਕੈਪਸ਼ਨ:ਅਵਾਰਾ ਪਸ਼ੂਆਂ ਦਾ ਹੱਲ ਨਾ ਹੋਣ ਨੂੰ ਲੈਕੇ ਬੰਦ ਪਿਆ ਮਾਨਸਾ ਦਾ ਬਜ਼ਾਰ।ਫੋਟੋ:ਸੁਰੇਸ਼

ਫੋਟੋ ਕੈਪਸ਼ਨ:ਮਾਨਸਾ ਵਿਖੇ ਅਵਾਰਾ ਪਸ਼ੂਆਂ ਦੇ ਹੱਲ ਨੂੰ ਲੈਕੇ ਧਰਨਾ ਦਿੰਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਲੋਕ। ਫੋਟੋ: ਸੁਰੇਸ਼

ਬਾਕਸ
ਸ਼ਿਵ ਸੈਨਾ (ਬਾਲ ਠਾਕਰੇ) ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਹਰਮਿੰਦਰਪਾਲ ਬਾਂਸਲ,ਵਾਈਸ ਪ੍ਰਧਾਨ ਤਰਸੇਮ ਚੰਦ ਡੇਲੂਆਣਾ ਨੇ ਕਿਹਾ ਕਿ ਬੇਸਹਾਰਾ ਕਾਲੇ ਪਸ਼ੂ ਅਤੇ ਅਮਰੀਕੀ ਢੱਠੇ ਕਿਸੇ ਵੀ ਧਰਮ ਨਾਲ ਸਬੰਧ ਨਹੀਂ ਰੱਖਦੇ ਹਨ, ਇਸ ਲਈ ਇਨ੍ਹਾਂ ਨੂੰ ਕੱਟਿਆਂ,ਮੁਰਗਿਆਂ ਅਤੇ ਬੱਕਰਿਆਂ ਵਾਂਗ ਵੇਚਣ ਦੀ ਸਰਕਾਰੀ ਤੌਰ ’ਤੇ ਆਗਿਆ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨਾਲ ਲੋਕਾਂ ਦੇ ਹੋਰ ਰਹੇ ਜਾਨੀ ਨੁਕਸਾਨ ਤੋਂ ਹੀ ਸਹੀ ਰੂਪ ਵਿੱਚ ਬਚਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਪੰਜਾਬ ਦੇ ਕਿਸਾਨ ਦਾ ਵੀ ਆਰਥਿਕ ਤੌਰ ’ਤੇ ਫਾਇਦਾ ਹੋਵੇਗਾ ਅਤੇ ਇਨ੍ਹਾਂ ਪਸ਼ੂਆਂ ਨੂੰ ਖੁੱਲੇਆਮ ਫਿਰਨ ਤੋਂ ਰੋਕਕੇ ਹਰ ਕੋਈ ਵੇਚਣ ਨੂੰ ਤਰਜੀਹ ਦੇਵੇਗਾ।
ਦਿਲਚਸਪ ਗੱਲ ਹੈ ਕਿ ਅਜਿਹਾ ਲਿਖਤੀ ਬਿਆਨ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਅਮਰੀਕੀ ਢੱਠਿਆਂ ਦੇ ਖਾਤਮੇ ਲਈ ਸਲਾਟਰ ਹਾਊਸ ਤੁਰੰਤ ਖੁੱਲਣੇ ਚਾਹੀਦੇ ਹਨ।