ਲੰਡਨ, 5 ਜੁਲਾਈ – ਆਸਟ੍ਰੇਲੀਆ, ਭਾਰਤ, ਇੰਗਲੈਂਡ ਤੇ ਨਿਊਜ਼ੀਲੈਂਡ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀਆਂ 4 ਟੀਮਾਂ ਹਨ। ਇਸ ਦੌਰਾਨ ਪਾਕਿਸਤਾਨ ਦੀ ਟੀਮ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੋ ਗਈ ਹੈ। ਅੱਜ ਬੰਗਲਾਦੇਸ਼ ਵੱਲੋਂ ਜਿਵੇਂ ਹੀ ਪਾਕਿਸਤਾਨ ਖਿਲਾਫ 7 ਦੌੜਾਂ ਬਣਾਈਆਂ ਗਈਆਂ ਤਾਂ ਇਹ ਟੀਮ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਈ।
ਇਸ ਦੌਰਾਨ ਵਿਸ਼ਵ ਕੱਪ ਕ੍ਰਿਕਟ ਦੇ ਸੈਮੀਫਾਈਨਲ ਮੁਕਾਬਲੇ ਵਿਚ ਭਾਰਤ ਦਾ ਮੁਕਾਬਲਾ ਇੰਗਲੈਂਡ ਜਾਂ ਨਿਊਜੀਲੈਂਡ ਨਾਲ ਹੋਵੇਗਾ। ਭਾਰਤ ਦੀ ਟੀਮ ਇਸ ਸਮੇਂ ਦੂਸਰੇ ਸਥਾਨ ਉਤੇ ਹੈ, ਜੇਕਰ ਦੱਖਣੀ ਅਫਰੀਕਾ ਦੀ ਟੀਮ ਆਸਟ੍ਰੇਲੀਆ ਨੂੰ ਆਖਰੀ ਮੈਚ ਵਿਚ ਹਰਾ ਦੇਵੇ ਅਤੇ ਭਾਰਤੀ ਟੀਮ ਆਪਣੇ ਆਖਰੀ ਮੈਚ ਵਿਚ ਸ੍ਰੀਲੰਕਾ ਨੂੰ ਮਾਤ ਦੇ ਦੇਵੇ ਤਾਂ ਭਾਰਤੀ ਟੀਮ ਦੇ 15 ਅੰਕ ਹੋ ਜਾਣਗੇ ਤੇ ਉਹ ਰੈਂਕਿੰਗ ਵਿਚ ਨੰਬਰ ਇੱਕ ਸਥਾਨ ਉਤੇ ਪਹੁੰਚ ਜਾਵੇਗੀ ਤੇ ਉਸ ਦਾ ਮੁਕਾਬਲਾ ਚੌਥੇ ਨੰਬਰ ਦੀ ਟੀਮ ਨਿਊਜੀਲੈਂਡ ਨਾਲ ਹੋਵੇਗਾ।
ਦੂਸਰੇ ਪਾਸੇ ਜੇਕਰ ਆਸਟ੍ਰੇਲੀਆ ਦੱਖਣੀ ਅਫਰੀਕਾ ਨੂੰ ਹਰਾ ਦੇਵੇ ਤਾਂ ਆਸਟ੍ਰੇਲੀਆ ਦੇ 16 ਅੰਕ ਹੋ ਜਾਣਗੇ ਤੇ ਉਹ ਨੰਬਰ ਇੱਕ ਸਥਾਨ ਉਤੇ ਬਰਕਰਾਰ ਰਹੇਗੀ ਤੇ ਭਾਰਤ ਦੂਸਰੇ ਸਥਾਨ ਉਤੇ। ਫਿਰ ਭਾਰਤ ਦਾ ਮੁਕਾਬਲਾ ਤੀਸਰੇ ਨੰਬਰ ਉਤੇ ਕਾਬਜ ਇੰਗਲੈਂਡ ਨਾਲ ਹੋਵੇਗਾ।