ਸੈਂਚੂਰੀਅਨ, 3 ਫਰਵਰੀ (ਬਲਜੀਤ ਸਿੰਘ) : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮੌਜੂਦਾ 6 ਵਨਡੇ ਮੈਚਾਂ ਦੀ ਲੜੀ ਦਾ ਦੂਸਰਾ ਮੈਚ ਭਲਕੇ ਐਤਵਾਰ ਨੂੰ ਸੈਂਚੂਰੀਅਨ ਵਿਖੇ ਖੇਡਿਆ ਜਾਵੇਗਾ| ਟੀਮ ਇੰਡੀਆ ਪਹਿਲਾ ਮੈਚ ਜਿੱਤ ਕੇ ਲੜੀ ਵਿਚ 1-0 ਨਾਲ ਅੱਗੇ ਚੱਲ ਰਹੀ ਹੈ, ਜਦੋਂ ਕਿ ਮੇਜ਼ਬਾਨ ਟੀਮ ਦੱਖਣੀ ਅਫਰੀਕਾ ਲੜੀ ਵਿਚ ਵਾਪਸੀ ਲਈ ਮੈਦਾਨ ‘ਤੇ ਉਤਰੇਗੀ|
1:30 ਵਜੇ ਸ਼ੁਰੂ ਹੋਵੇਗਾ ਮੈਚ
ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਅਤੇ ਲੋਕਲ ਟਾਈਮ 10 ਵਜੇ ਸ਼ੁਰੂ ਹੋਵੇਗਾ|
ਟੀਮ ਇੰਡੀਆ ਕੋਲ ਲੜੀ ਜਿੱਤਣ ਦਾ ਸੁਨਹਿਰੀ ਮੌਕਾ
ਟੀਮ ਇੰਡੀਆ ਨੇ ਜਿੱਤ ਨਾਲ ਸ਼ੁਰੂਆਤ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਲੜੀ ਵੀ ਆਪਣੇ ਨਾਮ ਕਰ ਸਕਦੀ ਹੈ| ਇਸ ਤੋਂ ਪਹਿਲਾਂ ਟੀਮ ਇੰਡੀਆ ਦਾ ਪ੍ਰਦਰਸ਼ਨ ਦੱਖਣੀ ਅਫਰੀਕਾ ਵਿਚ ਕਾਫੀ ਨਿਰਾਸ਼ਾਜਨਕ ਰਿਹਾ ਹੈ ਅਤੇ ਭਾਵੇਂ ਹੁਣ ਵਿਰਾਟ ਕੋਹਲੀ ਦੀ ਕਪਤਾਨੀ ਹੇਠ ਟੀਮ ਇੰਡੀਆ ਬੇਸ਼ੱਕ ਟੈਸਟ ਲੜੀ 2-1 ਨਾਲ ਹਾਰ ਚੁੱਕੀ ਹੈ, ਜਿਸ ਤਰ੍ਹਾਂ ਭਾਰਤੀ ਟੀਮ ਨੇ ਪਿਛਲੇ ਮੈਚ ਵਿਚ ਜਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ, ਉਸ ਨੇ ਇਹ ਸਾਬਿਤ ਕਰ ਦਿੱਤਾ ਕਿ ਇਸ ਲੜੀ ਉਤੇ ਟੀਮ ਇੰਡੀਆ ਹੀ ਫਤਿਹ ਹਾਸਿਲ ਕਰੇਗੀ|