Women Asia Cup: ਸ੍ਰੀਲੰਕਾ ਨੇ ਰਚਿਆ ਇਤਿਹਾਸ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਖ਼ਿਤਾਬ ‘ਤੇ ਕੀਤਾ ਕਬਜ਼ਾ
ਨਵੀਂ ਦਿੱਲੀ 28ਜੁਲਾਈ (ਵਿਸ਼ਵ ਵਾਰਤਾ): ਮਹਿਲਾ ਏਸ਼ੀਆ ਕੱਪ 2024 ਦਾ ਫਾਈਨਲ ਮੈਚ ਦਾਂਬੁਲਾ ਸਟੇਡੀਅਮ ਵਿੱਚ ਖੇਡਿਆ ਗਿਆ। ਜਿੱਥੇ ਸ਼੍ਰੀਲੰਕਾ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਮਹਿਲਾ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ। ਸ਼੍ਰੀਲੰਕਾ ਨੇ 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 18.4 ਓਵਰਾਂ ‘ਚ 2 ਵਿਕਟਾਂ ‘ਤੇ 167 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।
ਸ੍ਰੀ ਲੰਕਾ ਨੇ ਪਹਿਲੀ ਵਾਰ ਜਿੱਤਿਆ ਖਿਤਾਬ
ਸ਼੍ਰੀਲੰਕਾ ਨੇ ਪਹਿਲੀ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਮੈਚ ‘ਚ ਸ਼੍ਰੀਲੰਕਾ ਦੀ ਪਹਿਲੀ ਵਿਕਟ ਬਹੁਤ ਜਲਦੀ ਡਿੱਗ ਗਈ ਸੀ, ਜਿਸ ‘ਚ ਵਿਸ਼ਮੀ ਗੁਣਾਰਤਨੇ 3 ਗੇਂਦਾਂ ‘ਚ 1 ਦੌੜਾਂ ਬਣਾ ਕੇ ਰਨ ਆਊਟ ਹੋ ਗਏ ਸਨ। ਹਾਲਾਂਕਿ ਕਪਤਾਨ ਚਮਾਰੀ ਅਟਾਪੱਟੂ ਅਤੇ ਹਰਸ਼ਿਤਾ ਸਮਰਾਵਿਕਰਮਾ ਦੀ ਜੋੜੀ ਨੇ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਦੋਵਾਂ ਵਿਚਾਲੇ 87 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਦੌਰਾਨ ਚਮਾਰੀ ਅਟਾਪੱਟੂ ਨੇ 43 ਗੇਂਦਾਂ ‘ਤੇ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੇ ਨਾਲ ਹੀ ਹਰਸ਼ਿਤਾ ਸਮਰਾਵਿਕਰਮਾ ਨੇ 51 ਗੇਂਦਾਂ ‘ਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 69 ਦੌੜਾਂ ਦੀ ਅਜੇਤੂ ਅਰਧ ਸੈਂਕੜਾ ਖੇਡਿਆ।
ਭਾਰਤ 8ਵੀ ਬਾਰ ਖਿਤਾਬ ਨਹੀਂ ਜਿੱਤ ਸਕਿਆ
ਭਾਰਤੀ ਟੀਮ ਮਹਿਲਾ ਏਸ਼ੀਆ ਕੱਪ ਵਿੱਚ 9ਵੀਂ ਵਾਰ ਫਾਈਨਲ ਮੈਚ ਖੇਡ ਰਹੀ ਸੀ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਭਾਰਤ ਆਸਾਨੀ ਨਾਲ 8ਵੀਂ ਵਾਰ ਖਿਤਾਬ ‘ਤੇ ਕਬਜ਼ਾ ਕਰ ਲਵੇਗਾ। ਪਰ ਸ਼੍ਰੀਲੰਕਾਈ ਟੀਮ ਨੇ ਇਸ ‘ਤੇ ਰੋਕ ਲਗਾ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਹੈ। ਪਰ ਸ਼੍ਰੀਲੰਕਾ ਖਿਲਾਫ ਫਾਈਨਲ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।