VHP ਆਗੂ ਦੇ ਕਾਤਲਾਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਮਿਲੇਗਾ 20 ਲੱਖ ਦਾ ਇਨਾਮ
ਚੰਡੀਗੜ੍ਹ, 26ਜੂਨ (ਵਿਸ਼ਵ ਵਾਰਤਾ) : NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ) ਨੇ ਨੰਗਲ ਵਿਖੇ ਕਤਲ ਕੀਤੇ ਗਏ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੇ ਮਾਮਲੇ ਵਿੱਚ ਸੂਚਨਾ ਦੇਣ ਵਾਲਿਆਂ ਲਈ 20 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਪ੍ਰੈਲ 2024 ਦੇ ਵਿੱਚ ਨੰਗਲ ਵਿਖੇ ਵਿਕਾਸ ਪ੍ਰਭਾਕਰ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਕੇਸ ਦੀ ਜਾਂਚ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ। ਐਨਆਈਏ ਨੇ ਮਈ ਮਹੀਨੇ ਦੇ ਵਿੱਚ ਦੋ ਵਿਅਕਤੀਆਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਸੀ,ਪਰ ਅਜੇ ਤੱਕ ਇਹਨਾਂ ਦੋਵਾਂ ਵਿਅਕਤੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਇਹਨਾਂ ਦੋਵਾਂ ਮੁਲਜਮਾਂ ਦੀ ਸੂਹ ਦੇਣ ਵਾਲੇ ਲਈ ਏਜੰਸੀ ਵੱਲੋਂ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਜੋ ਵੀ ਦੋਸ਼ੀਆਂ ਬਾਰੇ ਜਾਣਕਾਰੀ ਦਵੇਗਾ ਉਸ ਨੂੰ ਇਹ ਰਾਸ਼ੀ ਦਿੱਤੀ ਜਾਵੇਗੀ। ਨਵਾਂ ਸ਼ਹਿਰ ਦੇ ਪਿੰਡ ਗੜਬਾਗਾ ਦਾ ਰਹਿਣ ਵਾਲਾ ਹਰਜੀਤ ਸਿੰਘ ਅਤੇ ਹਰਿਆਣਾ ਦੇ ਯਮੁਨਾ ਨਗਰ ਦਾ ਰਹਿਣ ਵਾਲਾ ਕੁਲਬੀਰ ਸਿੰਘ ਇਸ ਮਾਮਲੇ ਦੇ ਵਿੱਚ ਲੋੜੀਂਦੇ ਹਨ। ਇਹਨਾਂ ਦੋਹਾਂ ਦੇ ਖਿਲਾਫ 9 ਮਈ ਨੂੰ ਇਸ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਐਨਆਈਏ ਵੱਲੋਂ ਇਹਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਇਹਨਾਂ ਵੱਲੋਂ ਵਿਕਾਸ ਪ੍ਰਭਾਕਰ ਜੋ ਕਿ ਵਿਸ਼ਵ ਹਿੰਦੂ ਪਰਿਸ਼ਦ ਦਾ ਆਗੂ ਹੈ। ਉਸ ‘ਤੇ 13 ਅਪ੍ਰੈਲ 2024 ਨੂੰ ਗੋਲੀਆਂ ਚਲਾਈਆਂ ਗਈਆਂ ਸਨ। ਦੋਵਾਂ ਹਮਲਾਵਰਾਂ ਨੇ ਰੂਪਨਗਰ ਰੇਲਵੇ ਸਟੇਸ਼ਨ ਨੇੜੇ ਉਸ ਦੀ ਮਿਠਿਆਈ ਦੀ ਦੁਕਾਨ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਸਨ, ਅਤੇ ਮੌਕੇ ਤੋਂ ਫਰਾਰ ਹੋ ਗਏ ਸਨ। ਕੇਂਦਰੀ ਗ੍ਰਿਹ ਮੰਤਰੀ ਦੀ ਸਿਫਾਰਿਸ਼ ‘ਤੇ ਹੀ ਇਸ ਕਤਲ ਦੀ ਜਾਂਚ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ ਐਨਆਈਏ ਨੇ ਇਸ ਮਾਮਲੇ ਦੇ ਵਿੱਚ ਜਾਣਕਾਰੀ ਦੇਣ ਲਈ ਨੰਬਰ ਅਤੇ ਈਮੇਲ ਆਈਡੀ ਵੀ ਜਾਰੀ ਕੀਤੀ ਗਈ ਹੈ। ਐਨਆਈਏ ਮੁਤਾਬਕ ਮੁਲਜ਼ਮਾਂ ਬਾਰੇ ਕੋਈ ਵੀ ਜਾਣਕਾਰੀ ਹੈੱਡਕੁਆਰਟਰ ਦੇ ਟੈਲੀਫ਼ੋਨ ਨੰਬਰ 011-24368800, ਵਟਸਐਪ, ਟੈਲੀਗ੍ਰਾਮ ਨੰਬਰ 8585931100 ਅਤੇ ਈਮੇਲ ਆਈਡੀ [email protected] ‘ਤੇ ਸਾਂਝੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦਫਤਰ ਦੇ ਟੈਲੀਫੋਨ ਨੰਬਰ 0172-2682900, 2682901, ਵਟਸਐਪ ਅਤੇ ਟੈਲੀਗ੍ਰਾਮ ਨੰਬਰ 7743002947 ਅਤੇ ਈਮੇਲ ਆਈਡੀ [email protected] ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ। ਸੂਚਨਾ ਦੇਣ ਵਾਲਿਆਂ ਦੀ ਸੂਚਨਾ ਵਿਭਾਗ ਵੱਲੋਂ ਗੁਪਤ ਰੱਖੀ ਜਾਵੇਗੀ।