ਵਧੀਆ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਪਦਾਰਥਾਂ ਲਈ ਜਾਣਿਆ ਜਾਂਦਾ ਹੈ ਵੇਰਕਾ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ,04 ਫਰਵਰੀ (ਵਿਸ਼ਵ ਵਾਰਤਾ):- ਮਿਲਕ ਪਲਾਂਟ ਵੇਰਕਾ ਜੋ ਕਿ ਸਹਿਕਾਰੀ ਅਦਾਰਾ ਹੈ, ਨੇ ਆਪਣੇ ਭੋਗਤਾਵਾਂ ਦੀ ਮੰਗ ਉੱਤੇ 25 ਰੁਪਏ ਦੀ ਪੈਕਿੰਗ ਵਿੱਚ ਰਬੜੀ ਅਤੇ ਦਹੀਂ ਨੂੰ ਲਾਂਚ ਕੀਤਾ ਹੈ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਵੇਰਕਾ ਦੇ ਇਹ ਦੋ ਨਵੇਂ ਉਤਪਾਦ ਲਾਂਚ ਕਰਦੇ ਹੋਏ ਕਿਹਾ ਕਿ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਹਿਕਾਰੀ ਅਦਾਰਾ ਵੇਰਕਾ ਗੁਣਵੱਤਾ ਭਰਪੂਰ ਦੁੱਧ ਅਤੇ ਦੁੱਧ ਪਦਾਰਥ ਸਾਡੇ ਲੋਕਾਂ ਨੂੰ ਨਿਰੰਤਰ ਸਪਲਾਈ ਕਰ ਰਿਹਾ ਹੈ । ਉਨਾਂ ਕਿਹਾ ਕਿ ਮੈਨੂੰ ਇਹ ਦੋ ਨਵੇਂ ਉਤਪਾਦ ਮਾਰਕੀਟ ਵਿੱਚ ਉਤਾਰ ਕੇ ਇਸ ਗੱਲੋਂ ਵੀ ਸੰਤੁਸ਼ਟੀ ਹੈ ਕਿ 85 ਗ੍ਰਾਮ ਦੀ ਪੈਕਿੰਗ ਵਿੱਚ ਰਬੜੀ ਜਿਸ ਦੀ ਕੀਮਤ 25 ਰੁਪਏ ਹੈ ਅਤੇ 350 ਗ੍ਰਾਮ ਦਹੀਂ ਜਿਸ ਦੀ ਕੀਮਤ ਵੀ 25 ਰੁਪਏ ਰੱਖੀ ਗਈ ਹੈ, ਬਹੁਤ ਕਫਾਇਤੀ ਹੈ। ਉਹਨਾਂ ਨੇ ਵੇਰਕਾ ਨੂੰ ਇਹਨਾਂ ਦੋਵੇਂ ਨਵੇਂ ਉਤਪਾਦਾਂ ਨੂੰ ਮਾਰਕੀਟ ਵਿੱਚ ਉਤਾਰਨ ਲਈ ਵਧਾਈ ਦਿੱਤੀ ।
ਇਸ ਮੌਕੇ ਮੈਨੇਜਰ ਸ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੰਮ੍ਰਿਤਸਰ ਅਤੇ ਤਰਨ ਤਰਨ ਜਿਲਿਆਂ ਦੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਤੇ ਡੇਅਰੀ ਫਾਰਮ ਸਿੱਧੇ ਤੌਰ ਉੱਤੇ ਵੇਰਕਾ ਨਾਲ ਜੁੜੇ ਹੋਏ ਹਨ ਅਤੇ ਅਸੀਂ ਉਹਨਾਂ ਤੋਂ ਸਾਫ ਸੁਥਰਾ ਦੁੱਧ ਲੈ ਕੇ ਆਧੁਨਿਕ ਤਕਨੀਕਾਂ ਨਾਲ ਪ੍ਰੋਸੈਸ ਕਰਕੇ ਉਸ ਨੂੰ ਮਾਰਕੀਟ ਵਿੱਚ ਪੇਸ਼ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਹਾਲ ਹੀ ਵਿੱਚ ਅਸੀਂ ਦੁੱਧ ਦੀਆਂ ਕੀਮਤਾਂ ਵਿੱਚ ਇਕ ਰੁਪਏ ਦੀ ਕਟੌਤੀ ਵੀ ਕੀਤੀ ਹੈ। ਸ ਸੰਧੂ ਨੇ ਦੱਸਿਆ ਕਿ ਵੇਰਕਾ ਕੁਆਲਿਟੀ ਕੰਟਰੋਲ ਨਾਲ ਕੋਈ ਸਮਝੌਤਾ ਨਹੀਂ ਕਰਦਾ ਅਤੇ ਖਪਤਕਾਰਾਂ ਦੀ ਸਿਹਤ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਵੱਲੋਂ ਜੋ ਦੋ ਨਵੇਂ ਉਤਪਾਦ ਲਾਂਚ ਕੀਤੇ ਗਏ ਹਨ ਉਹ ਕੱਲ ਨੂੰ ਮਾਰਕੀਟ ਵਿੱਚ ਉਤਾਰ ਦਿੱਤੇ ਜਾਣਗੇ। ਇਸ ਮੌਕੇ ਸ੍ਰੀ ਸਤਬੀਰ ਸਿੰਘ ਅਠਵਾਲ ਡਿਪਟੀ ਕਮਿਸ਼ਨਰ ਆਫ ਪੁਲਿਸ, ਸ ਗੁਰਸਿਮਰਨ ਸਿੰਘ ਢਿੱਲੋ ਐਸਡੀਐਮ ਅੰਮ੍ਰਿਤਸਰ , ਸ੍ਰੀ ਵਨੀਤ ਅਹਿਲਾਵਤ ਅਸਿਸਟੈਂਟ ਕਮਿਸ਼ਨਰ ਪੁਲਿਸ ਅਤੇ ਵੇਰਕਾ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
VERKA NEWS