UP-ਬਿਹਾਰ ਸਮੇਤ ਕਈ ਰਾਜਾਂ ‘ਚ ਭਾਰੀ ਮੀਂਹ ਅਤੇ ਤੂਫਾਨ ਦੀ ਚੇਤਾਵਨੀ, ਅਗਲੇ 5 ਦਿਨਾਂ ‘ਚ ਹੋਵੇਗੀ ਭਾਰੀ ਬਾਰਿਸ਼
ਨਵੀਂ ਦਿੱਲੀ, 24ਸਤੰਬਰ(ਵਿਸ਼ਵ ਵਾਰਤਾ): ਭਾਰਤੀ ਮੌਸਮ ਵਿਭਾਗ (IMD) ਨੇ 24 ਸਤੰਬਰ ਯਾਨੀ ਅੱਜ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਕੋਂਕਣ ਗੋਆ ਅਤੇ ਤੱਟਵਰਤੀ ਕਰਨਾਟਕ ਵਿੱਚ ਬਹੁਤ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੱਧ ਮਹਾਰਾਸ਼ਟਰ, ਮਰਾਠਵਾੜਾ, ਉੱਤਰੀ ਅੰਦਰੂਨੀ ਕਰਨਾਟਕ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼, ਗੁਜਰਾਤ, ਤੇਲੰਗਾਨਾ, ਆਂਧਰਾ ਪ੍ਰਦੇਸ਼, ਵਿਦਰਭ, ਉੜੀਸਾ, ਝਾਰਖੰਡ, ਕੇਰਲ ਅਤੇ ਉੱਤਰ-ਪੂਰਬੀ ਭਾਰਤ ਵਿੱਚ ਵੀ ਭਾਰੀ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
24-27 ਸਤੰਬਰ ਦੇ ਦੌਰਾਨ ਤੱਟਵਰਤੀ ਅਤੇ ਉੱਤਰੀ ਅੰਦਰੂਨੀ ਕਰਨਾਟਕ, ਮਹਾਰਾਸ਼ਟਰ ਅਤੇ ਗੋਆ ਵਿੱਚ ਤਿੰਨ ਦਿਨਾਂ ਦੌਰਾਨ ਅਤੇ ਮੱਧ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਭਾਰੀ ਬਾਰਿਸ਼ ਹੋਣ ਦੀ ਬਹੁਤ ਸੰਭਾਵਨਾ ਹੈ। ਦੱਖਣ-ਪੱਛਮੀ ਮਾਨਸੂਨ ਪੱਛਮੀ ਰਾਜਸਥਾਨ ਅਤੇ ਕੱਛ ਦੇ ਕੁਝ ਸਥਾਨਾਂ ਤੋਂ 17 ਸਤੰਬਰ ਦੀ ਆਪਣੀ ਆਮ ਤਾਰੀਖ ਦੀ ਬਜਾਏ 23 ਸਤੰਬਰ ਨੂੰ ਵਾਪਸ ਪਰਤਿਆ ਹੈ।
ਕੋਂਕਣ ਗੋਆ ਵਿੱਚ ਵੀ 25 ਸਤੰਬਰ ਨੂੰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ, ਗੁਜਰਾਤ ਅਤੇ ਅਸਾਮ ਵਿੱਚ ਆਰੇਂਜ ਅਲਰਟ ਹੈ। ਇੱਥੇ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।