The Kerala Story 2 ਦੇ ਨਿਰਮਾਤਾਵਾਂ ਨੂੰ ਵੱਡਾ ਝਟਕਾ! ਸਿਨੇਮਾਘਰਾਂ ‘ਚ ਰਿਲੀਜ਼ ਨਹੀਂ ਹੋਵੇਗੀ ਫਿਲਮ
– ਹਾਈ ਕੋਰਟ ਨੇ ਲਗਾਈ ਰੋਕ
ਨਵੀ ਦਿੱਲੀ, 26 ਫਰਵਰੀ 2026 (ਵਿਸ਼ਵ ਵਾਰਤਾ): ਕੇਰਲ ਹਾਈ ਕੋਰਟ ਨੇ ਵੀਰਵਾਰ ਨੂੰ ਫਿਲਮ ‘ਦ ਕੇਰਲ ਸਟੋਰੀ 2-‘ ਦੀ ਰਿਲੀਜ਼ ‘ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਇਹ ਫਿਲਮ 27 ਫਰਵਰੀ ਯਾਨੀ ਕਿ ਕੱਲ੍ਹ ਰਿਲੀਜ਼ ਹੋਣ ਵਾਲੀ ਸੀ। ਅਦਾਲਤ ਨੇ ਫਿਲਮ ਦੀ ਰਿਲੀਜ਼ ‘ਤੇ 15 ਦਿਨਾਂ ਲਈ ਪਾਬੰਦੀ ਲਗਾਈ ਹੈ।
ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਸੈਂਸਰ ਬੋਰਡ ਨੇ ਫਿਲਮ ਨੂੰ ਸਰਟੀਫਿਕੇਟ ਦਿੰਦੇ ਸਮੇਂ ਸੋਚ-ਸਮਝ ਤੋਂ ਕੰਮ ਨਹੀਂ ਲਿਆ। ਜਸਟਿਸ ਬੇਚੂ ਕੁਰੀਅਨ ਥਾਮਸ ਨੇ ਫਿਲਮ ਦੀ ਰਿਲੀਜ਼ ਨੂੰ ਚੁਣੌਤੀ ਦੇਣ ਵਾਲੀਆਂ ਦੋ ਪਟੀਸ਼ਨਾਂ ‘ਤੇ ਇਹ ਹੁਕਮ ਦਿੱਤੇ ਹਨ।
ਅਦਾਲਤ ਨੇ ਆਪਣੇ ਹੁਕਮ ਵਿੱਚ ਇਹ ਵੀ ਕਿਹਾ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨੇ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ, ਜੋ ਇਹ ਯਕੀਨੀ ਬਣਾਉਣ ਲਈ ਬਣਾਏ ਗਏ ਹਨ ਕਿ ਫਿਲਮ ਨਾਲ ਸਮਾਜਿਕ ਸਦਭਾਵਨਾ ਨਾ ਵਿਗੜੇ।
ਪਟੀਸ਼ਨਾਂ ਵਿੱਚ ‘ਦ ਕੇਰਲ ਸਟੋਰੀ 2’ ਦੇ ਨਿਰਮਾਤਾਵਾਂ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਤੋਂ ਮਿਲੇ ਸਰਟੀਫਿਕੇਟ ਨੂੰ ਚੁਣੌਤੀ ਦਿੱਤੀ ਗਈ ਸੀ। ਇਹਨਾਂ ਪਟੀਸ਼ਨਾਂ ਵਿੱਚ ਦਾਅਵਾ ਕੀਤਾ ਗਿਆ ਕਿ ਫਿਲਮ ਵਿੱਚ ਕੇਰਲ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ, ਜਿਸ ਨਾਲ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਜਸਟਿਸ ਥਾਮਸ ਨੇ ਇਹਨਾਂ ਚਿੰਤਾਵਾਂ ਨੂੰ ‘ਵਾਜਬ’ ਮੰਨਦੇ ਹੋਏ ਕਿਹਾ ਕਿ ਜਦੋਂ ਤੱਕ ਇਸ ਵਿਸ਼ੇ ‘ਤੇ ਵਿਸਤ੍ਰਿਤ ਬਹਿਸ ਪੂਰੀ ਨਹੀਂ ਹੋ ਜਾਂਦੀ, ਫਿਲਮ ਨੂੰ ਸਿਨੇਮਾਘਰਾਂ ਵਿੱਚ ਨਹੀਂ ਲਗਾਇਆ ਜਾਣਾ ਚਾਹੀਦਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























