BREAKING NEWS: ਆਸਟ੍ਰੇਲੀਆ ਦੀ ਫੈਡਰਲ ਕੋਰਟ ਨੇ ਸੁਣਾਇਆ ਇਤਿਹਾਸਿਕ ਫੈਸਲਾ
ਘਰੇਲੂ ਨੌਕਰ ਦਾ ਆਰਥਿਕ ਸੋਸ਼ਣ ਕਰਨ ਵਾਲੀ ਸ੍ਰੀ ਲੰਕਾ ਦੀ ਡਿਪਲੋਮੈਟ ਨੂੰ ਕੀਤਾ 5 ਲੱਖ ਡਾਲਰ ਦਾ ਜੁਰਮਾਨਾ
ਮੈਲਬੌਰਨ 16ਅਗਸਤ (ਗੁਰਪੁਨੀਤ ਸਿੱਧੂ): ਇਹ ਸਮਝਿਆ ਜਾਂਦਾ ਹੈ ਕਿ, ਅਜੋਕੇ ਦੌਰ ‘ਚ ਮਨੁੱਖੀ ਗੁਲਾਮੀ ਦੀ ਕੋਈ ਥਾਂ ਨਹੀਂ ਹੈ। ਖਾਸ ਤੌਰ ਦੇ ਆਸਟ੍ਰੇਲੀਆ ਵਰਗੇ ਮਾਡਰਨ ਅਤੇ ਵਿਕਸਿਤ ਦੇਸ਼ ‘ਚ ਮਜ਼ਦੂਰ ਜਾਂ ਨੌਕਰ ਦਾ ਆਰਥਿਕ ਸੋਸ਼ਣ ਸੰਭਵ ਨਹੀਂ ਹੈ। ਪਰ ਆਸਟ੍ਰੇਲੀਆ ‘ਚ ਮਨੁੱਖੀ ਗੁਲਾਮੀ ਦੇ ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਦਾਲਤ ਦੇ ਇਸ ਮਾਮਲੇ ‘ਚ ਘਰੇਲੂ ਨੌਕਰ ਦਾ ਆਰਥਿਕ ਸੋਸ਼ਣ ਕਰਨ ਦੇ ਇਲਜ਼ਾਮ ਹੇਠ ਵਿਦੇਸ਼ੀ ਡਿਪਲੋਮੈਟ ਨੂੰ 5 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ। ਦਰਅਸਲ ਇਹ ਮਾਮਲਾ 2015 ਦਾ ਹੈ ਜਦੋ ਪ੍ਰਿਯੰਕਾ ਦਾਨਾਰਤਨਾ ਨੂੰ ਘਰੇਲੂ ਨੌਕਰ ਦੇ ਤੌਰ ‘ਤੇ ਕੰਮ ਕਰਨ ਲਈ ਸ਼੍ਰੀਲੰਕਾ ਦੀ ਡਿਪਟੀ ਹਾਈ ਕਮਿਸ਼ਨਰ, ਹਿਮਾਲੀ ਸੁਭਾਸ਼ਿਨੀ ਡੀ ਸਿਲਿਆ ਅਰੁਣਾਤਿਲਕਾ ਵਲੋਂ ਆਸਟ੍ਰੇਲੀਆ ਬੁਲਾਇਆ ਗਿਆ ਸੀ। ਲਗਭਗ ਇਕ ਦਹਾਕਾ ਪਹਿਲਾ ਪ੍ਰਿਯੰਕਾ ਦਾਨਾਰਤਨਾ ਜਦੋ ਆਸਟ੍ਰੇਲੀਆ ਆਈ ਸੀ ਉਸ ਵੇਲੇ ਉਹ ਸਕਾਰਾਤਮਕ ਸੀ ਪਰ ਉਸਦੀਆਂ ਉਮੀਦਾਂ ਉਦੋਂ ਧੁੰਦਲੀਆਂ ਹੋ ਗਾਇਆ ਜਦੋ ਉਹ ਇਕ ਗੁਲਾਮੀ ਵਰਗੇ ਵਰਕ ਐਗਰੀਮੈਂਟ ‘ਚ ਫਸ ਗਈ। ਉਸਨੇ 2015 ਤੋਂ 2018 ਤੱਕ ਇਸਦੇ ਅਧੀਨ ਕੰਮ ਕੀਤਾ ਸੀ। ਇਸ ਵਕਤ ਦੌਰਾਨ ਉਸਨੂੰ ਹਫ਼ਤੇ ‘ਚ 7 ਦਿਨ ਕੰਮ ਕਰਨਾ ਪੈਂਦਾ ਸੀ। ਤਿਨ ਸਾਲਾਂ ਦੇ ਇਸ ਵਕਫ਼ੇ ਦੌਰਾਨ ਉਸਨੇ ਸਿਰਫ 2 ਦਿਨ ਛੁੱਟੀ ਕੀਤੀ ਉਹ ਵੀ ਉਦੋਂ ਜਿਸ ਵੇਲੇ ਖਾਣਾ ਬਣਾਉਂਦੇ ਸਮੇ ਉਸਦੇ ਹੱਥ ਸੜ ਗਏ ਸਨ।
ਮਿਸਟਰ ਹਿਲਾਰਡ ਜਿੰਨਾ ਦੇ ਪ੍ਰਿਯੰਕਾ ਦਾਨਾਰਤਨਾ ਦੇ ਕੇਸ ਦੀ ਪੈਰਵੀ ਕੀਤੀ, ਉਨ੍ਹਾਂ ਦੱਸਿਆ ਹੈ ਕਿ ਇਨ੍ਹਾਂ ਤਿਨ ਸਾਲਾਂ ਦੇ ਅਰਸੇ ਦੌਰਾਨ ਉਸਨੂੰ ਸਿਰਫ $11,212 ਦੀ ਅਦਾਇਗੀ ਕੀਤੀ ਗਈ। ਉਨ੍ਹਾਂ ਦੱਸਿਆ ਉਸਨੇ ਲਗਾਤਾਰ ਤਿੰਨ ਸਾਲ ਬਿਨਾ ਰੁਕੇ 65 ਸੈਂਟ ਪ੍ਰਤੀ ਘੰਟੇ ਦੇ ਹਿਸਾਬ ਨਾਲ ਕੰਮ ਕੀਤਾ ਹੈ। ਜਦੋ 2015 ਵਿਚ ਪ੍ਰਿਯੰਕਾ ਦਾਨਾਰਤਨਾ ਨੇ ਆਸਟ੍ਰੇਲੀਆ ‘ਚ ਘਰੇਲੂ ਨੌਕਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਉਸ ਵੇਲੇ ਇਕ ਹਫਤਾ ਜਾਂ 38 ਘੰਟੇ ਕੰਮ ਕਰਨ ਦੀ ਘੱਟੋ ਘੱਟ ਉਜ਼ਰਤ $656.90 ਸੀ। ਮਿਸਟਰ ਹਿਲਾਰਡ ਨੇ ਦੱਸਿਆ ਕਿ ਉਸਦੀ ਨੌਕਰੀ ਨਾਲ ਆਸਟ੍ਰੇਲੀਆ ਨੇ ਉਜ਼ਰਤ ਕਾਨੂੰਨਾਂ ਦੀ ਉਲੰਘਣਾ ਕੀਤੀ ਗਈ। ਕਿਉਂ ਕਿ ਉਸਨੂੰ ਨਿਗੂਣੀ ਤਨਖਾਹ ਦਿੱਤੀ ਗਈ ਅਤੇ ਹਫਤੇ ‘ਚ ਮਨਜ਼ੂਰ ਘੰਟਿਆਂ ਤੋਂ ਜ਼ਿਆਦਾ ਉਸਤੋਂ ਕੰਮ ਲਿਆ ਗਿਆ। ਉਸਨੂੰ ਕੰਮ ਵਿਚ ਬ੍ਰੇਕ ਨਹੀਂ ਦਿੱਤੀ ਗਈ ਅਤੇ ਓਵਰਟਾਇਮ ਵੀ ਨਹੀਂ ਦਿੱਤਾ ਗਿਆ। ਉਸਨੂੰ ਲਗਾਤਾਰਤਾ ਨਾਲ ਅਦਾਇਗੀ ਨਹੀਂ ਕੀਤੀ ਗਈ ਅਤੇ ਨਾ ਹੀ ਪੇਅ ਸਲਿੱਪ ਦਿੱਤੀ ਗਈ। ਮਿਸਟਰ ਹਿਲਾਰਡ ਨੇ ਕਿਹਾ ਅਜੋਕੇ ਦੌਰ ‘ਚ ਗੁਲਾਮੀ ਇਸ ਤਰਾਂ ਕਰਵਾਈ ਜਾਂਦੀ ਹੈ। ਆਪਣੀ ਜੱਜਮੈਂਟ ‘ਚ ਫੈਡਰਲ ਕੋਰਟ ਨੇ ਕਿਹਾ ਕਿ ਸ੍ਰੀ ਮਤੀ ਅਰੁਣਾਤਿਲਕਾ ਨੇ ਆਸਟ੍ਰੇਲੀਆ ਦੇ ਫੇਅਰ ਵਰਕ ਐਕਟ ਦੀ ਕਈ ਪੱਖਾਂ ਤੋਂ ਉਲੰਘਣਾ ਕੀਤੀ ਹੈ ਅਤੇ ਉਹ ਆਪਣੇ ਨੌਕਰ ਨੂੰ ਬੇਹੱਦ ਘੱਟ ਉਜ਼ਰਤ ਦੇਣ ਦੀ ਦੋਸ਼ੀ ਹੈ। ਸ਼੍ਰੀਮਤੀ ਅਰੁਣਾਤਿਲਕਾ ਇਸ ਵੇਲੇ ਜਨੇਵਾ ਸਥਿਤ ਸੰਯੁਕਤ ਰਾਸ਼ਟਰ ਦਫਤਰ ਵਿੱਚ ਸ਼੍ਰੀਲੰਕਾ ਦੀ ਸਥਾਈ ਪ੍ਰਤੀਨਿਧੀ ਹੈ।