BIG NEWS: ਐਸਜੀਪੀਸੀ ਚੋਣਾਂ ਨੂੰ ਲੈ ਕੇ ਸਰਗਰਮ ਹੋਏ ਅਮ੍ਰਿਤਪਾਲ ਸਿੰਘ ਦੇ ਸਮਰਥਕ ; ਬਟਾਲਾ ਵਿਖੇ ਅਮ੍ਰਿਤਪਾਲ ਦੇ ਪਿਤਾ ਨੇ ਸਿੱਖ ਆਗੂਆਂ ਨਾਲ ਕੀਤੀ ਮੀਟਿੰਗ
ਅੰਮ੍ਰਿਤਸਰ 15 ਅਗਸਤ (ਵਿਸ਼ਵ ਵਾਰਤਾ): ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਖਡੂਰ ਸਾਹਿਬ ਤੋਂ ਐਮਪੀ ਭਾਈ ਅਮ੍ਰਿਤਪਾਲ ਦੇ ਸਮਰਥਕਾਂ ‘ਚ ਸਰਗਰਮੀ ਦੇਖਣ ਨੂੰ ਮਿਲ ਰਹੀ ਹੈ। ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਉਨ੍ਹਾਂ ਦੇ ਸਮਰਥਕ ਐਸਜੀਪੀਸੀ ਦੀਆਂ ਚੋਣਾਂ ‘ਚ ਵੋਟਾਂ ਪਾਉਣ ਦੇ ਯੋਗ ਸੰਗਤ ਨੂੰ ਵੋਟਰ ਵਜੋਂ ਰਜਿਸਟਰੇਸ਼ਨ ਕਰਵਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਵੋਟਾਂ ਬਣਵਾਉਣ ਲਈ ਉਹ ਵੱਖੋ ਵੱਖਰੇ ਹਲਕਿਆਂ ‘ਚ ਦੌਰੇ ਕਰ ਰਹੇ ਹਨ। ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀਆਂ ਸਰਗਰਮੀਆਂ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਐਸਜੀਪੀਸੀ ਦੀਆਂ ਚੋਣਾਂ ‘ਚ ਉਹ ਪੂਰੇ ਜੋਸ਼ ਨਾਲ ਹਿੱਸਾ ਲੈਣਗੇ ਅਤੇ ਕਾਬਜ਼ ਧਿਰ ਦੇ ਖਿਲਾਫ ਡਟ ਕੇ ਚੋਣਾਂ ਲੜਨਗੇ। ਅਮ੍ਰਿਤਪਾਲ ਦੇ ਪਿਤਾ ਵੱਲੋ ਖਾਸ ਤੌਰ ‘ਤੇ 19 ਅਗਸਤ ਨੂੰ ਬਾਬਾ ਬਕਾਲਾ ਵਿਖੇ ਪੰਥਕ ਇੱਕਠ ਦਾ ਸੱਦਾ ਦਿੱਤਾ ਗਿਆ ਹੈ। ਇਸ ਇੱਕਠ ਵਿਚ ਸਿੱਖ ਜਗਤ ਦੇ ਕਈ ਵੱਡੇ ਆਗੂਆਂ ਦੇ ਪਹੁੰਚਣ ਦੀ ਉਮੀਦ ਹੈ ਅਤੇ ਐਸਜੀਪੀਸੀ ਚੋਣਾਂ ਨੂੰ ਲੈ ਕੇ ਕੋਈ ਸਹਿਮਤੀ ਵੀ ਬਣ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਵਲੋਂ ਜੇਕਰ ਸਮਰਥਨ ਮਿਲਦਾ ਹੈ ਤਾ ਅਮ੍ਰਿਤਪਾਲ ਸਿੰਘ ਦਾ ਗਰੁੱਪ ਐਸਜੀਪੀਸੀ ਚੋਣਾਂ ਵਿਚ ਇਕ ਵੱਡਾ ਦਾਅਵੇਦਾਰ ਬਣਕੇ ਉਭਰ ਸਕਦਾ ਹੈ। ਇਸ ਨਾਲ ਐਸਜੀਪੀਸੀ ਵਿਚ ਦਹਾਕਿਆਂ ਤੋਂ ਕਾਬਜ਼ ਧਿਰ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਬਟਾਲਾ ਵਿਖੇ ਹੋਈ ਇਸ ਮੀਟਿੰਗ ਤੋਂ ਬਾਅਦ ਅਮ੍ਰਿਤਪਾਲ ਦੇ ਪਿਤਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ਪੰਜਾਬ ‘ਚ ਚਾਰ ਹਲਕਿਆਂ ‘ਚ ਹੋਣ ਵਾਲੀਆਂ ਜਿਮਨੀ ਚੋਣਾਂ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ ‘ਤੇ ਉਹ ਚਾਹੁੰਦੇ ਹਨ ਕਿ ਪੰਥ ਵੱਲੋ ਇਕ-ਇਕ ਉਮੀਦਵਾਰ ਹੀ ਚੋਣ ਮੈਦਾਨ ‘ਚ ਉਤਾਰਿਆਂ ਜਾਵੇ। ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ 19 ਅਗਸਤ ਨੂੰ ਬਾਬਾ ਬਕਾਲਾ ਵਿਖੇ ਪੰਥਕ ਇੱਕਠ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਇਸ ਇਸ ਮੌਕੇ ਅਹਿਮ ਪੰਥਕ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਸਾਰੇ ਹਲਕਿਆਂ ‘ਚ ਜਾ ਕੇ SGPC ਦੀਆਂ ਚੋਣਾਂ ‘ਚ ਵੋਟਾਂ ਪਾਉਣ ਯੋਗ ਵੋਟਰਾਂ ਨੂੰ ਵੋਟਾਂ ਬਣਾਉਣ ਲਈ ਉਤਸਾਹਿਤ ਕਰਨਗੇ ਤੇ 19 ਅਗਸਤ ਦੇ ਪੰਥਕ ਇੱਕਠ ‘ਚ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਅਤੇ ਨਸ਼ਿਆਂ ਵਰਗੇ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ।